ਪੰਜਾਬ ਆਪਣੇ ਬ੍ਰਾਂਡ ਅਧੀਨ ਬਾਜ਼ਾਰ ‘ਚ ਉਤਾਰੇਗਾ ਰੇਸ਼ਮ ਉਤਪਾਦ; ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਲੋਗੋ ਜਾਰੀ

Politics Punjab

ਚੰਡੀਗੜ੍ਹ, 21 ਸਤੰਬਰ:

ਖੇਤੀ ਦੇ ਸਹਾਇਕ ਕਿੱਤਿਆਂ ਨਾਲ ਜੁੜੇ ਉਤਪਾਦ ਆਪਣੇ ਬ੍ਰਾਂਡ ਤਹਿਤ ਬਾਜ਼ਾਰ ਵਿੱਚ ਵੇਚ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਹੁਣ ਆਪਣੇ ਬ੍ਰਾਂਡ ਅਧੀਨ ਸੂਬੇ ਦੇ ਰੇਸ਼ਮ ਉਤਪਾਦ ਮਾਰਕੀਟ ਵਿੱਚ ਉਤਾਰਨ ਵੱਲ ਵੱਡੀ ਪਹਿਲਕਦਮੀ ਕੀਤੀ ਹੈ।

ਇਥੇ ਮੈਗਸੀਪਾ ਵਿਖੇ ਸਿਲਕ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰੇਸ਼ਮ ਉਤਪਾਦਾਂ ਲਈ ਵਿਭਾਗ ਦਾ ਲੋਗੋ ਜਾਰੀ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਹ ਐਲਾਨ ਵੀ ਕੀਤਾ ਹੈ ਕਿ ਸਾਲ 2025 ਦੇ ਅਖੀਰ ਤੱਕ ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਦੁੱਗਣਾ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਸੂਬੇ ਦੇ ਨੀਮ-ਪਹਾੜੀ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਰੋਪੜ ਦੇ ਲਗਭਗ 230 ਪਿੰਡਾਂ ਵਿੱਚ ਰੇਸ਼ਮ ਪਾਲਣ ਦਾ ਕਿੱਤਾ ਅਪਣਾਇਆ ਜਾ ਰਿਹਾ ਹੈ ਅਤੇ 1200 ਤੋਂ 1400 ਰੇਸ਼ਮ ਕੀਟ ਪਾਲਕ ਇਸ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਮੁੱਖ ਤੌਰ ‘ਤੇ 2 ਕਿਸਮ ਦਾ ਰੇਸ਼ਮ ਬਾਇਵੋਲਟਾਈਨ ਮਲਬਰੀ ਅਤੇ ਏਰੀ ਰੇਸ਼ਮ ਤਿਆਰ ਕੀਤਾ ਜਾਂਦਾ ਹੈ। ਸਾਲਾਨਾ 1000 ਤੋਂ 1100 ਔਂਸ ਮਲਬਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 30,000 ਤੋਂ 35,000 ਕਿਲੋਗ੍ਰਾਮ ਮਲਬਰੀ ਰੇਸ਼ਮ (ਟੂਟੀ) ਦਾ ਉਤਪਾਦਨ ਅਤੇ ਸਾਲਾਨਾ 200 ਔਂਸ ਏਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 5,000 ਤੋਂ 8,000 ਕਿਲੋਗ੍ਰਾਮ ਏਰੀ ਰੇਸ਼ਮ (ਟੂਟੀ) ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ, ਬੇ-ਜ਼ਮੀਨੇ ਜਾਂ ਘੱਟ ਜ਼ਮੀਨਾਂ ਵਾਲੇ ਲੋਕਾਂ ਵੱਲੋਂ ਇਹ ਕਿੱਤਾ ਅਪਣਾਇਆ ਜਾ ਰਿਹਾ ਹੈ ਅਤੇ ਇਕ ਰੇਸ਼ਮ ਕੀਟ ਪਾਲਕ ਨੂੰ ਸਾਲਾਨਾ 40,000 ਤੋਂ 50,000 ਰੁਪਏ ਦੀ ਆਮਦਨ ਹੁੰਦੀ ਹੈ, ਜੋ ਬਹੁਤ ਘੱਟ ਹੈ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਰੇਸ਼ਮ ਪਾਲਣ ਲਈ ਬਹੁਤ ਮਿਹਨਤ ਲਗਦੀ ਹੈ ਅਤੇ ਉਸ ਮੁਤਾਬਕ ਰੇਸ਼ਮ ਪਾਲਕਾਂ ਨੂੰ ਮੁੱਲ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਸ ਲਈ ਲਾਗਤ ਖ਼ਰਚੇ ਘਟਾਉਣ ਲਈ ਸਰਕਾਰੀ ਫਾਰਮਾਂ ਵਿੱਚ ਰੇਸ਼ਮ ਬੀਜ ਤਿਆਰ ਕਰਕੇ ਕਿਸਾਨਾਂ ਨੂੰ ਕਿਫ਼ਾਇਤੀ ਦਰਾਂ ‘ਤੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਡਲਹੌਜ਼ੀ ਸਥਿਤ ਪੰਜਾਬ ਸਰਕਾਰ ਦੇ ਇੱਕੋ-ਇੱਕ ਰੇਸ਼ਮ ਬੀਜ ਉਤਪਾਦਨ ਸੈਂਟਰ ਨੂੰ ਮੁੜ ਚਾਲੂ ਕਰਨਾ ਇਸ ਦਿਸ਼ਾ ਵਿੱਚ ਪੁੱਟਿਆ ਗਿਆ ਅਹਿਮ ਕਦਮ ਹੈ।

ਕਿਸਾਨਾਂ ਦੀ ਆਮਦਨ ਵਿੱਚ ਵਾਧੇ ਲਈ ਰੇਸ਼ਮ ਉਪਜ ਦੇ ਵਾਜਬ ਮੁੱਲ ਸਬੰਧੀ ਗੱਲ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੀਆਂ ਰੀਲਿੰਗ ਯੂਨਿਟਾਂ ਲਾ ਕੇ ਕੁਕੂਨ ਨੂੰ ਪ੍ਰੋਸੈਸ ਕਰੇਗੀ ਤਾਂ ਜੋ ਰੇਸ਼ਮ ਪਾਲਕਾਂ ਨੂੰ ਉਪਜ ਦਾ ਵੱਧ ਮੁੱਲ ਮਿਲ ਸਕੇ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਕੁਕੂਨ ਤੋਂ ਰੇਸ਼ਮ ਦਾ ਧਾਗਾ ਬਨਾਉਣ ਲਈ ਰੀਲਿੰਗ ਯੂਨਿਟ, ਪਠਾਨਕੋਟ ਵਿਖੇ ਸਥਾਪਿਤ ਕੀਤਾ ਜਾ ਹੈ ਜਿਸ ਦੇ ਚਾਲੂ ਹੋਣ ਨਾਲ ਰੇਸ਼ਮ ਪਾਲਕਾਂ ਦੀ ਆਮਦਨ ਵਿੱਚ 1.5 ਤੋਂ 2 ਗੁਣਾਂ ਵਾਧਾ ਕੀਤਾ ਜਾ ਸਕਦਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਮੁੱਖ ਸਕੱਤਰ (ਬਾਗ਼ਬਾਨੀ) ਸ੍ਰੀ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਰਾਜ ਵਿੱਚ ਕੁੱਲ 13 ਸਰਕਾਰੀ ਸੈਰੀਕਲਚਰ ਫਾਰਮ ਹਨ। ਇਨ੍ਹਾਂ ਫਾਰਮਾਂ ਵਿਖੇ ਬੁਨਿਆਦੀ ਢਾਂਚਾ ਸਥਾਪਿਤ ਹੋਣ ਕਰਕੇ ਵਿਭਾਗ ਦੇ ਤਕਨੀਕੀ ਸਟਾਫ਼ ਰੇਸ਼ਮ ਕੀਟ ਪਾਲਕਾਂ ਨੂੰ ਲੋੜੀਂਦੀਆਂ ਸਹੂਲਤਾਂ ਜਿਵੇਂ ਪਲਾਂਟੇਸ਼ਨ, ਕੀਟ ਪਾਲਕਾਂ ਨੂੰ ਰੇਸ਼ਮ ਬੀਜ ਵੰਡਣਾ, ਚਾਕੀ ਕੀਟ ਪਾਲਣਾ ਅਤੇ ਕਕੂਨ ਮੰਡੀਕਰਨ ਸਬੰਧੀ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ।

ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸੈਰੀਕਲਚਰ ਦਾ ਕਿੱਤਾ ਗ਼ਰੀਬ ਲੋਕਾਂ ਦੀ ਮਿਹਨਤ ‘ਤੇ ਆਧਾਰਿਤ ਹੈ ਅਤੇ ਇਸ ਕਿੱਤੇ ਨੂੰ ਵੱਡੀ ਪੱਧਰ ‘ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਇਸ ਕਿੱਤੇ ਦੇ ਵਿਕਾਸ ਲਈ ਅਤੇ ਰੇਸ਼ਮ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਜਿਵੇਂ ਵਿਭਾਗ ਵਲੋਂ ਏਰੀਕਲਚਰ ਦਾ ਕੰਮ ਮੁੜ ਤੋਂ ਚਾਲੂ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਟੱਸਰ ਸਿਲਕ ਦੀ ਪੈਦਾਵਾਰ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਨਾਲ ਜੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਰੇਸ਼ਮ ਕੀਟ ਪਾਲਕਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਵਿਭਾਗ ਵਲੋਂ ਰੇਸ਼ਮ ਦਾ ਧਾਗਾ ਬਣਾਉਣ ਅਤੇ ਇਸ ਦੀ ਵਧੀਆ ਮੁੱਲ ਦਿਵਾਉਣ ਸਬੰਧੀ ਅਹਿਮ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਭਵਿੱਖ ਵਿੱਚ ਪੰਜਾਬ ਸਿਲਕ ਨਾਮ ਦਾ ਬ੍ਰਾਂਡ ਤਿਆਰ ਕੀਤਾ ਜਾ ਸਕੇ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਰੇਸ਼ਮ ਉਤਪਾਦਨ ਦਾ ਕਿੱਤਾ ਕਰ ਰਹੇ ਕੰਢੀ ਖੇਤਰ ਦੇ ਰੇਸ਼ਮ ਕੀਟ ਪਾਲਕਾਂ ਨੂੰ ਵੀ ਸਨਮਾਨਿਤ ਕੀਤਾ। ਬਾਗ਼ਬਾਨੀ ਮੰਤਰੀ ਰੇਸ਼ਮ ਕੀਟ ਪਾਲਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਰਾਜ ਵਿੱਚ ਆਪਣਾ ਰੇਸ਼ਮ ਬੀਜ ਉਤਪਾਦਨ ਸੈਂਟਰ ਸ਼ੁਰੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਹ ਬੀਜ ਲਾਗਤ ਮੁੱਲ ‘ਤੇ ਉਪਲਬਧ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੋਰ ਰਾਜਾਂ ਤੋਂ ਬੀਜ ਮੰਗਵਾਉਣ ਲਈ ਤਕਨੀਕੀ ਸਮੱਸਿਆਵਾਂ/ਆਵਾਜਾਈ ਲਾਗਤ, ਟਰਾਂਸਪੋਰਟ ਸਮੇਂ ਬੀਜ ਖ਼ਰਾਬ ਹੋਣ ਆਦਿ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

ਕੈਬਨਿਟ ਮੰਤਰੀ ਦੇ ਲੋਗੋ ਡਿਜ਼ਾਈਨ ਕਰਨ ਵਾਲੇ ਅਧਿਕਾਰੀਆਂ ਸ. ਦਲਬੀਰ ਸਿੰਘ, ਉਪ ਡਾਇਰੈਕਟਰ-ਕਮ-ਸਟੇਟ ਸੈਰੀਕਲਚਰ ਨੋਡਲ ਅਫਸਰ, ਸ. ਲਖਬੀਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ, ਮਿਸ ਮੀਨੂੰ, ਸਹਾਇਕ ਸੈਰੀਕਲਚਰ ਨੋਡਲ ਅਫਸਰ, ਸ੍ਰੀ ਯੁਵਰਾਜ ਸਿੰਘ, ਫ਼ੇਜ਼ ਸਕੀਮ ਕੰਸਲਟੈਟ ਸੈਰੀਕਲਚਰ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਰੇਸ਼ਮ ਦੇ ਕਿੱਤੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਇੱਕ ਡਾਕੂਮੈਂਟਰੀ ਫ਼ਿਲਮ ਅਤੇ ਪੈੰਫ਼ਲੈਟ ਵੀ ਜਾਰੀ ਕੀਤਾ ਗਿਆ।

ਇਸ ਦੌਰਾਨ ਸ੍ਰੀ ਮਿੱਤਲ ਅਸ਼ੋਕ ਭਲੇਰਾੳ, ਅਸਿਸਟੈਟ ਸੁਪਰਡੰਟ (ਟੈਕਨੀਕਲ) ਕੇਂਦਰੀ ਰੇਸ਼ਮ ਬੋਰਡ, ਨਵੀਂ ਦਿੱਲੀ, ਸ੍ਰੀ ਬਲਵਿੰਦਰ ਸਿੰਘ, ਸਹਾਇਕ ਡਾਇਰੈਕਟਰ-ਕਮ-ਸੈਰੀਕਲਚਰ ਅਫਸਰ, ਮੁਕੇਰੀਆਂ (ਹੁਸ਼ਿਆਰਪੁਰ), ਸ. ਅਵਤਾਰ ਸਿੰਘ, ਸੈਰੀਕਲਚਰ ਮੈਨੇਜਰ, ਸ. ਜਸਪਾਲ ਸਿੰਘ, ਸੁਪਰਡੰਟ ਸੈਰੀਕਲਚਰ, ਸ੍ਰੀਮਤੀ ਰਮਨਦੀਪ ਕੌਰ, ਐਸ.ਪੀ.ੳ, ਸ੍ਰੀਮਤੀ ਸ਼ਿਵਾਨੀ ਚਗਤੀ, ਐਸ.ਐਸ.ਪੀ.ੳ. ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਸ਼ਾਮਲ ਸਨ।