ਚੰਡੀਗੜ੍ਹ, 12 ਅਗਸਤ: ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀਐਸਐਫਸੀ) ਦੇ ਚੇਅਰਮੈਨ ਵੱਲੋਂ ਅੱਜ ਅਮਰੀਕੀ ਖੇਤੀਬਾੜੀ ਵਿਭਾਗ (ਯੂ.ਐੱਸ.ਡੀ.ਏ.) ਦੇ ਵਫ਼ਦ ਨਾਲ ਮੁਲਾਕਾਤ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਸਬੰਧਤ ਅਹਿਮ ਮੁੱਦੇ ਚੁੱਕੇ ਗਏ।
ਫਾਰਨ ਐਗਰੀਕਲਚਰ ਸਰਵਿਸ, ਅਮਰੀਕੀ ਖੇਤੀਬਾੜੀ ਵਿਭਾਗ, ਨਵੀਂ ਦਿੱਲੀ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ. ਸੰਤੋਸ਼ ਕੁਮਾਰ ਸਿੰਘ ਨੇ ਭਾਰਤੀ ਅਤੇ ਵਿਸ਼ਵਵਿਆਪੀ ਖੇਤੀਬਾੜੀ ਦੇ ਮੌਜੂਦਾ ਸੰਦਰਭ ਅਤੇ ਭਾਰਤ-ਅਮਰੀਕਾ ਖੇਤੀਬਾੜੀ ਵਪਾਰ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ‘ਤੇ ਵਿਚਾਰ-ਚਰਚਾ ਕਰਨ ਲਈ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਨਾਲ ਮੁਲਾਕਾਤ ਕੀਤੀ। ਪੀਐਸਐਫਸੀ ਦੇ ਚੇਅਰਮੈਨ ਪ੍ਰੋ. ਡਾ. ਸੁਖਪਾਲ ਸਿੰਘ ਨੇ ਡਾ. ਸੰਤੋਸ਼ ਕੁਮਾਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਭਾਰਤ ਅਤੇ ਪੰਜਾਬ ਦੇ ਖੇਤੀਬਾੜੀ ਸੈਕਟਰ ਵਿੱਚ ਹੋ ਰਹੇ ਵਿਕਾਸ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਉਨ੍ਹਾਂ ਦੇ ਵੱਡਮੁੱਲੇ ਵਿਚਾਰਾਂ ਦੀ ਸ਼ਲਾਘਾ ਕੀਤੀ।
ਇਸ ਦੌਰਾਨ ਡਾ. ਰਣਜੋਧ ਸਿੰਘ ਬੈਂਸ ਨੇ “ਪੰਜਾਬ ਖੇਤੀਬਾੜੀ 2026: ਉਤਪਾਦਨ ਦੀਆਂ ਸੰਭਾਵਨਾਵਾਂ, ਫਸਲੀ ਵਿਭਿੰਨਤਾ ਅਤੇ ਪੰਜਾਬ-ਅਮਰੀਕਾ ਖੇਤੀਬਾੜੀ ਸਹਿਯੋਗ” ਵਿਸ਼ੇ ‘ਤੇ ਪੇਸ਼ਕਾਰੀ ਦਿੱਤੀ।
ਇਸ ਪੇਸ਼ਕਾਰੀ ਵਿੱਚ ਕਣਕ-ਝੋਨੇ ਦੀ ਪ੍ਰਣਾਲੀ ਤੋਂ ਪਰੇ ਫਸਲੀ ਵਿਭਿੰਨਤਾ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ, ਜਿਸ ਵਿੱਚ ਮੱਕੀ, ਕਪਾਹ, ਬਾਸਮਤੀ, ਦਾਲਾਂ, ਤੇਲ ਬੀਜ, ਫਲ ਅਤੇ ਸਬਜ਼ੀਆਂ ਦੇ ਨਾਲ-ਨਾਲ ਪਸ਼ੂਧਨ, ਭੋਜਨ ਪ੍ਰੋਸੈਸਿੰਗ ਅਤੇ ਮੁੱਲ ਵਾਧੇ ‘ਤੇ ਵਧੇਰੇ ਧਿਆਨ ਦਿੱਤਾ ਗਿਆ। ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਫਸਲੀ ਵਿਭਿੰਨਤਾ ਨੂੰ ਮੰਡੀਕਰਨ, ਸਰਕਾਰੀ ਖਰੀਦ, ਪ੍ਰੋਸੈਸਿੰਗ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਬਿਹਤਰ ਕੀਮਤ ਦੇ ਕੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਪੇਸ਼ਕਾਰੀ ਵਿੱਚ ਖੇਤੀ ਮਸ਼ੀਨੀਕਰਨ, ਸਟੀਕਤਾ ਅਤੇ ਏ.ਆਈ. ਆਧਾਰਿਤ ਖੇਤੀਬਾੜੀ, ਜਲਵਾਯੂ ਅਨੁਕੂਲ ਤਕਨਾਲੋਜੀਆਂ, ਵਾਢੀ ਤੋਂ ਬਾਅਦ ਦੇ ਪ੍ਰਬੰਧਨ, ਖ਼ੁਰਾਕ ਸੁਰੱਖਿਆ, ਭੂਮੀਗਤ ਜਲ ਸੰਭਾਲ ਅਤੇ ਸਾਂਝੇ ਖੋਜ ਕਾਰਜਾਂ ਵਿੱਚ ਪੰਜਾਬ-ਅਮਰੀਕਾ ਸਹਿਯੋਗ ਦੇ ਮੌਕਿਆਂ ਨੂੰ ਵੀ ਉਜਾਗਰ ਕੀਤਾ ਗਿਆ। ਇਸ ਤੋਂ ਇਲਾਵਾ ਬਾਸਮਤੀ ਝੋਨਾ, ਸ਼ਹਿਦ, ਹਲਦੀ, ਫ਼ਲ, ਸਬਜ਼ੀਆਂ ਅਤੇ ਹੋਰ ਨਾਨ-ਜੀ.ਐੱਮ.ਓ. ਉਤਪਾਦਾਂ ਦੇ ਨਿਰਯਾਤ ਨੂੰ ਵਧਾਉਣ ਸਬੰਧੀ ਪੰਜਾਬ ਦੀ ਸਮਰੱਥਾ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਦੌਰਾਨ ਡਾ. ਸੰਤੋਸ਼ ਕੁਮਾਰ ਸਿੰਘ ਨੇ ਭਾਰਤ ਅਤੇ ਅਮਰੀਕਾ ਵਿੱਚ ਖੇਤਾਂ ਦੇ ਆਕਾਰ ਅਤੇ ਖੇਤੀਬਾੜੀ ਵਿਚਲੇ ਫ਼ਰਕ, ਅਮਰੀਕਾ ਵਿੱਚ ਬਿਹਤਰ ਫ਼ਸਲ ਬੀਮਾ ਕਵਰੇਜ, ਭਾਰਤ ਵਿੱਚ ਘਰੇਲੂ ਪਸ਼ੂ ਪਾਲਣ ਵਿੱਚ ਆਈ ਕਮੀ, ਮਹਿਜ਼ ਟਰੈਕਟਰਾਂ ਦੀ ਵਰਤੋਂ ਤੋਂ ਉੱਪਰ ਉੱਠ ਕੇ ਵਿਆਪਕ ਤੇ ਯੋਗ ਮਸ਼ੀਨੀਕਰਨ ਦੀ ਲੋੜ ਅਤੇ ਭਾਰਤ-ਅਮਰੀਕਾ ਦੋ-ਪੱਖੀ ਵਪਾਰ ਸਮਝੌਤਿਆਂ ਦੇ ਸੰਭਾਵੀ ਲਾਭਾਂ ਤੇ ਚੁਣੌਤੀਆਂ ਨਾਲ ਸਬੰਧਤ ਮੁੱਦੇ ਚੁੱਕੇ ਗਏ।
ਪ੍ਰੋ. ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਜਿੱਥੇ ਭਾਰਤ ਵਿੱਚ ਔਸਤ ਜ਼ਮੀਨ ਦੀ ਮਲਕੀਅਤ ਲਗਭਗ 2 ਏਕੜ ਹੈ, ਉੱਥੇ ਹੀ ਪੰਜਾਬ ਵਿੱਚ ਔਸਤ ਮਲਕੀਅਤ ਲਗਭਗ 9 ਏਕੜ ਹੈ; ਹਾਲਾਂਕਿ ਜ਼ਮੀਨ ਦੇ ਠੇਕੇ ਦੀਆਂ ਉੱਚੀਆਂ ਦਰਾਂ, ਖ਼ਾਦਾਂ-ਬੀਜਾਂ ਦੀਆਂ ਲਾਗਤਾਂ ਅਤੇ ਹੋਰ ਉਤਪਾਦਨ ਖ਼ਰਚਿਆਂ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਠੇਕਾ ਅਤੇ ਵਿੱਤੀ ਬੋਝ ਝੱਲਣਾ ਪੈ ਰਿਹਾ ਹੈ। ਇਹ ਚਰਚਾ ਭਾਰਤ-ਅਮਰੀਕਾ ਵਪਾਰ ਦੁਆਰਾ ਪੇਸ਼ ਕੀਤੀਆਂ ਗਈਆਂ ਸੰਭਾਵਨਾਵਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ਨਾਲ ਸਮਾਪਤ ਹੋਈ, ਜੋ ਪੰਜਾਬ ਵਿੱਚ ਫਸਲੀ ਵਿਭਿੰਨਤਾ ਅਤੇ ਪਸ਼ੂ ਪਾਲਣ ਖੇਤਰ ਲਈ ਮਹੱਤਵਪੂਰਨ ਹਨ ਅਤੇ ਦੋਵਾਂ ਦੇਸ਼ਾਂ ਦੇ ਕਿਸਾਨਾਂ ਲਈ ਲਾਭਕਾਰੀ ਸਿੱਧ ਹੋਣਗੇ।
ਡਾ. ਰਣਜੋਧ ਸਿੰਘ ਬੈਂਸ ਨੇ ਡਾ. ਸੰਤੋਸ਼ ਕੁਮਾਰ ਸਿੰਘ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਅਤੇ ਖੇਤੀਬਾੜੀ, ਤਕਨਾਲੋਜੀ, ਵਪਾਰ, ਫਸਲੀ ਵਿਭਿੰਨਤਾ ਅਤੇ ਟਿਕਾਊ ਸਰੋਤ ਪ੍ਰਬੰਧਨ ‘ਤੇ ਪੀਐਸਐਫਸੀ ਅਤੇ ਯੂਐੱਸਡੀਏ ਵਿਚਕਾਰ ਨਿਰੰਤਰ ਗੱਲਬਾਤ ਅਤੇ ਵਧੇਰੇ ਸਹਿਯੋਗ ਦੀ ਆਸ ਪ੍ਰਗਟਾਈ।
ਮੀਟਿੰਗ ਦੇ ਅੰਤ ਵਿੱਚ ਡਾ. ਸੁਖਪਾਲ ਸਿੰਘ, ਡਾ. ਐੱਸ. ਕੇ. ਸਿੰਘ, ਡਾ. ਅਨਿਲ ਸੂਦ ਅਤੇ ਪੀਐਸਐਫਸੀ ਦੇ ਸਮੂਹ ਖੋਜਕਰਤਾਵਾਂ ਦਾ ਧੰਨਵਾਦ ਕੀਤਾ ਗਿਆ।
