ਪੰਜਾਬ ਪੈਵਿਲੀਅਨ ਨੇ ਵਪਾਰ ਮੇਲਾ 2024 ਵਿੱਚ ਜਿੱਤੇ ਵਿਸ਼ੇ ਦੀ ਉੱਤਮ ਪੇਸ਼ਕਾਰੀ ਅਤੇ ਉੱਤਮ ਪ੍ਰਦਰਸ਼ਨ ਲਈ ਵਿਸ਼ੇਸ਼ ਪ੍ਰਸੰਸਾ ਮੈਡਲ

Politics Punjab

ਚੰਡੀਗੜ੍ਹ /ਨਵੀਂ ਦਿੱਲੀ, 28 ਨਵੰਬਰ

ਇਥੋਂ ਦੇ ਪ੍ਰਗਤੀ ਮੈਦਾਨ ਵਿਖੇ ਹੋਏ ਭਾਰਤ ਅੰਤਰ ਰਾਸ਼ਟਰੀ ਵਪਾਰ ਮੇਲਾ 2024 ਦੌਰਾਨ ਲੋਕਾਂ ਦਾ ਭਰਵਾਂ ਹੁੰਗਾਰਾ ਹਾਸਿਲ ਕਰਨ ਵਾਲੇ ‘ਪੰਜਾਬ ਪੈਵਿਲੀਅਨ’ ਨੇ ਵਿਸ਼ੇ ਦੀ ਉੱਤਮ ਪੇਸ਼ਕਾਰੀ ਅਤੇ ਉੱਤਮ ਪ੍ਰਦਰਸ਼ਨ ਲਈ ਵੱਖੋ-ਵੱਖ ਵਿਸ਼ੇਸ਼ ਪ੍ਰਸੰਸਾ ਮੈਡਲ ਪ੍ਰਾਪਤ ਕੀਤੇ ਹਨ।

ਮੇਲੇ ਦਾ ਆਯੋਜਨ ਕਰਨ ਵਾਲੀ ਭਾਰਤ ਵਪਾਰ ਪ੍ਰੋਤਸਾਹਨ ਸੰਸਥਾ (ਆਈ.ਟੀ.ਪੀ.ਓ) ਪਾਸੋਂ ਮੇਲੇ ਦੇ ਆਖਰੀ ਦਿਨ ਦੇਰ ਸ਼ਾਮ ਕਰਵਾਏ ਗਏ ਸਮਾਗਮ ਦੌਰਾਨ ਇਹ ਦੋਵੇਂ ਮੈਡਲ ਪੀ.ਐਸ.ਆਈ.ਈ.ਸੀ ਦੇ ਅਧਿਕਾਰੀਆਂ ਵੱਲੋਂ ਪ੍ਰਾਪਤ ਕੀਤੇ ਗਏ। ਇਸ ਸਾਲ ਵਪਾਰ ਮੇਲੇ ਦਾ ਥੀਮ ਵਿਕਸਿਤ ਭਾਰਤ @2047 ਰੱਖਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਉਕਤ ਸੰਸਥਾ ਵੱਲੋਂ ਇਹ ਮੇਲਾ 14 ਨਵੰਬਰ ਤੋਂ 27 ਨਵੰਬਰ ਤੱਕ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਰਾਜਾਂ ਵੱਲੋਂ ਆਪਣੇ ਵਿਕਾਸ ਅਤੇ ਉਤਪਾਦਾਂ ਨੂੰ ਦਰਸਾਉਣ ਲਈ ਪੈਵਿਲੀਅਨ ਸਥਾਪਿਤ ਕੀਤੇ ਗਏ ਸਨ। ਪੰਜਾਬ ਪੈਵਿਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਅਤੇ ਉੱਪ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਪੈਵਿਲੀਅਨ ਨੂੰ ਵੱਖ-ਵੱਖ ਵਰਗਾਂ ਚ ਦੋ ਮੈਡਲ ਮਿਲਣੇ ਸੂਬੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮੇਲੇ ਦੌਰਾਨ ਕੇਵਾਲ ਪੰਜਾਬ ਤੋਂ ਆਉਣ ਵਾਲੇ ਲੋਕਾਂ ਨੇ ਹੀ ਨਹੀ ਬਲਕਿ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਆਏ ਲੋਕਾਂ ਨੇ ਪੈਵਿਲੀਅਨ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸਥਾਪਿਤ ਕੀਤੇ ਸਟਾਲਾਂ ਵਿੱਚ ਬਹੁਤ ਦਿਲਚਸਪੀ ਦਿਖਾਈ।

ਪੰਜਾਬ ਦੇ ਉੱਦਯੋਗ ਅਤੇ ਵਣਜ ਮੰਤਰੀ, ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਅਤੇ ਚੇਅਰਮੈਨ ਪੀ.ਐਸ.ਆਈ.ਸੀ. ਦਲਵੀਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਉਦਯੋਗ, ਖੇਤੀਬਾੜੀ, ਦਸਤਕਾਰੀ, ਫੈਸ਼ਨ ਅਤੇ ਸਿੱਖਿਆ ਦੇ ਖੇਤਰਾਂ ਵਿਚ ਸੂਬੇ ਦੀ ਤਰੱਕੀਪਸੰਦ ਪਹੁੰਚ ਨੂੰ ਪੈਵਿਲੀਅਨ ਜ਼ਰੀਏ ਦਰਸਾਉਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੁਆਰਾ ਵਧੀਕ ਮੁੱਖ ਸਕੱਤਰ, ਇੰਡਸਟਰੀਜ਼ ਅਤੇ ਕਾਮਰਸ, ਤੇਜਵੀਰ ਸਿੰਘ ਡੀ.ਪੀ.ਐਸ. ਖਰਬੰਦਾ ਸੀ.ਈ.ਓ ਨਿਵੇਸ਼ ਪੰਜਾਬ, ਵਰਿੰਦਰ ਕੁਮਾਰ ਸ਼ਰਮਾ ਐਮ.ਡੀ., ਹਰਜੀਤ ਸਿੰਘ ਸੰਧੂ ਏ.ਐਮ.ਡੀ ਅਤੇ ਐਗਜ਼ੀਕਊਟਿਵ ਡਾਇਰੈਕਟਰ ਭਾਈ ਸੁਖਦੀਪ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰਤੀਬੱਧ ਯਤਨ ਕੀਤੇ ਗਏ ਸਨ।

ਪੰਜਾਬ ਪੈਵਿਲੀਅਨ ਚ ਵੱਖ-ਵੱਖ ਵਿਭਾਗਾਂ ਜਿਵੇਂ ਮਾਰਕਫੈਡ, ਮਿਲਕਫੈਡ, ਗਮਾਡਾ/ਪੁੱਡਾ, ਪੰਜਾਬ ਇੰਨਫੋਟੈਕ, ਪੰਜਾਬ ਐਗਰੋ, ਪੀ.ਐਸ.ਆਈ.ਈ.ਸੀ., ਨਿਵੇਸ਼ ਪੰਜਾਬ, ਪੰਜਾਬ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਨਿਫਟ, ਪੰਜਾਬ ਮੰਡੀ ਬੋਰਡ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵੱਲੋਂ ਲੋਕਾਂ ਨੂੰ ਉਤਪਾਦਾਂ ਤੇ ਸੇਵਾਵਾਂ ਬਾਰੇ ਜਾਣੂੰ ਕਰਵਾਉਣ ਲਈ ਸਟਾਲ ਸਥਾਪਤ ਕੀਤੇ ਗਏ ਸਨ।