ਅੰਮ੍ਰਿਤਸਰ, 5 ਮਾਰਚ ( )-ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ 2024 ਪੰਜਾਬ ਜੇਲ੍ਹ ਓਲੰਪਿਕ ਦੀਆਂ ਜ਼ੋਨ ਪੱਧਰੀ ਖੇਡਾਂ ਬੜੇ ਉਤਸ਼ਾਹ ਨਾਲ ਸ਼ੁਰੂ ਹੋ ਗਈਆਂ। ਇਸ ਖੇਡ ਮੇਲੇ ਵਿਚ ਅੰਮ੍ਰਿਤਸਰ ਤੋਂ ਇਲਾਵਾ ਪੱਟੀ, ਹੁਸ਼ਿਆਰਪੁਰ, ਪਠਾਨਕੋਟ, ਫਿਰੋਜ਼ਪੁਰ ਅਤੇ ਤਰਨਤਾਰਨ ਜੇਲ੍ਹ ਦੇ ਕੈਦੀ ਭਾਗ ਲੈ ਰਹੇ ਹਨ। ਖੇਡਾਂ ਤੋਂ ਪਹਿਲਾਂ ਸਿੱਖਿਆ ਅਦਾਰਿਆਂ ਦੀਆਂ ਖੇਡਾਂ ਦੀ ਤਰਾਂ ਕੈਦੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ। ਇਸ ਤੋਂ ਇਲਾਵਾ ਭੰਗੜਾ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਬਾਖੂਬੀ ਕੀਤੀ ਗਈ, ਇਸ ਵਿਚ ਕੈਦੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਕਮ ਸਕੱਤਰ ਡੀ ਐਲ ਐਸ ਏ ਸ੍ਰੀ ਰਸ਼ਪਾਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਇੰਨਾ ਖੇਡਾਂ ਦੀ ਸ਼ੁਰੂਆਤ ਕਰਵਾਈ। ਉਨਾਂ ਕੈਦੀਆਂ ਦੇ ਮੁੜ ਵਸੇਬੇ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਿਸ ਤਰਾਂ ਇੰਨਾ ਖੇਡਾਂ ਵਿਚ ਇੰਨੇ ਉਤਸ਼ਾਹ ਨਾਲ ਕੈਦੀ ਭਾਗ ਲੈ ਰਹੇ ਹਨ, ਉਹ ਬਹੁਤ ਵਧੀਆ ਰੁਝਾਨ ਹੈ ਅਤੇ ਜਿੰਦਗੀ ਪ੍ਰਤੀ ਆਸ ਉਨਾਂ ਨੂੰ ਮੁੜ ਵਸੇਬੇ ਅਤੇ ਸੁਧਾਰ ਵੱਲ ਤੋਰੋਗੀ। ਉਨਾਂ ਦੱਸਿਆ ਕਿ ਹਰੇਕ ਜੋਨ ਵਿਚ ਇਸ ਤਰਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵੱਖ-ਵੱਖ ਜੇਲ੍ਹਾਂ ਦੇ ਹਜ਼ਾਰਾਂ ਕੈਦੀ ਕਈ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਪਹਿਲੇ ਦਿਨ ’ਟਗ ਆਫ ਵਾਰ’ ਦੇ ਖੇਡ ਮੁਕਾਬਲੇ ਵਿੱਚ ਖਿਡਾਰੀਆਂ ਨੇ ਜੋਸ਼ ਅਤੇ ਦ੍ਰਿੜ ਇਰਾਦੇ ਨਾਲ ਮੁਕਾਬਲੇ ਵਿਚ ਹਿੱਸਾ ਲਿਆ। ਪਹਿਲੇ ਮੈਚ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਨੂੰ ਹਰਾ ਕੇ ਜਿੱਤ ਦਰਜ ਕੀਤੀ ਜਦਕਿ ਦੂਜੇ ਮੈਚ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਰੁੱਧ ਜਿੱਤ ਦਰਜ ਕੀਤੀ। ਫਾਈਨਲ ਮੁਕਾਬਲੇ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਨਾਲ ਮੁਕਾਬਲਾ ਹੋਇਆ।
ਇਸ ਮੌਕੇ ਜੇਲ੍ਹ ਸੁਪਰਡੈਂਟ ਸ੍ਰੀ ਅਨੁਰਾਗ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਖੇਡ ਸਮਾਗਮ ਇੱਕ ਪਰਿਵਰਤਨਸ਼ੀਲ ਯਾਤਰਾ ਦਾ ਪ੍ਰਤੀਕ ਹਨ ਅਤੇ ਇਹ ਕੈਦ ਦੀਆਂ ਸੀਮਾਵਾਂ ਦੇ ਅੰਦਰ ਉਮੀਦ ਅਤੇ ਸਨਮਾਨ ਦੀ ਭਾਵਨਾ ਪੈਦਾ ਕਰਦੇ ਹਨ। ਉਨਾਂ ਕਿਹਾ ਕਿ ਪੰਜਾਬ ਜੇਲ੍ਹ ਓਲੰਪਿਕ ਸਕਾਰਾਤਮਕ ਤਬਦੀਲੀ ਅਤੇ ਮੁਕਤੀ ਦੀ ਸੰਭਾਵਨਾ ਦੇ ਪ੍ਰਮਾਣ ਦੇ ਤੌਰ ’ਤੇ ਕੰਮ ਕਰਦਾ ਹੈ, ਸਲਾਖਾਂ ਦੇ ਪਿੱਛੇ ਵੀ ਖੇਡਾਂ ਦੀ ਸ਼ਕਤੀ ਨੂੰ ਸੀਮਾਵਾਂ ਤੋਂ ਪਾਰ ਕਰਨ ਅਤੇ ਭਾਈਚਾਰਕ ਏਕਤਾ ਕਰਨ ਲਈ ਕੰਮ ਕਰਦਾ ਹੈ। ਉਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵਾਲੀਬਾਲ, ਬੈਡਮਿੰਟਨ, ਅਥਲੈਟਿਕਸ, ਕਬੱਡੀ, ਸ਼ਤਰੰਜ ਵਰਗੇ ਹੋਰ ਖੇਡ ਮੁਕਾਬਲੇ ਵੀ ਕਰਵਾਏ ਜਾਣਗੇ।