ਪੰਜਾਬ ਸਰਕਾਰ ਖਿਡਾਰੀਆਂ ਦੇ ਬਿਹਤਰ ਭਵਿੱਖ ਲਈ ਹਮੇਸ਼ਾ ਵਚਨਬੱਧ-ਸਪੀਕਰ ਸੰਧਵਾਂ

Faridkot Politics Punjab

ਫਰੀਦਕੋਟ 22 ਜੁਲਾਈ,

ਪੰਜਾਬ ਸਰਕਾਰ ਹਮੇਸ਼ਾ ਖਿਡਾਰੀਆਂ ਦੀ ਬਿਹਤਰੀ ਲਈ ਵਚਨਬੱਧ ਹੈ। ਪੰਜਾਬ ਸਰਕਾਰ ਜਿੱਥੇ ਖਿਡਾਰੀਆਂ ਨੂੰ ਵਧੀਆਂ ਖੇਡਾਂ ਖੇਡਣ ਲਈ ਸਟੇਡੀਅਮ, ਡਾਈਟ ਅਤੇ ਖੇਡਾਂ ਦਾ ਸਮਾਨ ਉਪਲਬਧ ਕਰਵਾ ਰਹੀ ਹੈ, ਉੱਥੇ ਹੀ ਉਹ ਖਿਡਾਰੀਆਂ ਦੀ ਪੜ੍ਹਾਈ ਲਈ ਵੀ ਹਰ ਸੰਭਵ ਯਤਨ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਅਜਿਤ ਗਿੱਲ, ਬਲਾਕ ਜੈਤੋ ਦੀ ਅਥਲੀਟ ਵੀਰਪਾਲ ਕੌਰ ਦੀ ਅਗਲੇਰੀ ਪੜ੍ਹਾਈ ਲਈ 1 ਲੱਖ ਰੁਪਏ ਦੇਣ ਮੌਕੇ ਕੀਤਾ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਸੰਬੋਧਿਤ ਹੁੰਦਿਆਂ ਦੱਸਿਆ ਕਿ ਪਿੰਡ ਦੀ ਹੋਣਹਾਰ ਵੀਰਪਾਲ ਕੌਰ ਪੁੱਤਰੀ ਸ. ਸੁਖਦੇਵ ਸਿੰਘ ਜੋ ਕਿ ਅਥਲੀਟ ਹੈ ਅਤੇ ਪੜ੍ਹਾਈ ਵਿੱਚ ਵੀ ਹੋਣਹਾਰ ਹੈ, ਆਪਣੀ ਪੜ੍ਹਾਈ ਦੀ ਫੀਸ ਦੇਣ ਲਈ ਝੋਨਾ ਲਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ, ਉਹ ਤੁਰੰਤ ਵੀਰਪਾਲ ਕੌਰ ਦੇ ਗ੍ਰਹਿ ਵਿਖੇ ਬੱਚੀ ਦੀ ਹੌਂਸਲਾ ਅਫਜਾਈ ਲਈ ਆਏ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਹਰ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਉੱਥੇ ਹੀ ਖੇਡਾਂ ਖੇਡਣ ਵਾਲੇ ਅਤੇ ਪੜ੍ਹਾਈ ਵਿੱਚ ਹੋਣਹਾਰ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਲਈ ਵੀ ਚਿੰਤਤ ਹੈ।  ਇਸ ਮੌਕੇ ਉਨ੍ਹਾਂ ਵੀਰਪਾਲ ਕੌਰ ਨੂੰ ਵਧੀਆ ਖੇਡਾਂ ਖੇਡਣ ਦੇ ਨਾਲ ਨਾਲ ਉਚੇਰੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਖਿਡਾਰੀਆਂ ਦੇ ਨਾਲ ਖੜ੍ਹੀ ਹੈ।