ਮੋਗਾ, 22 ਫਰਵਰੀ:
ਪੰਜਾਬ ਸਰਕਾਰ ਵੱਲੋਂ ਸਾਲ-2024 ਲਈ ਰਾਜ ਦੇ ਵਾਤਾਵਰਨ ਦੀ ਸੁਰੱਖਿਆ, ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਟਿਕਾਊ ਵਿਕਾਸ ਲਈ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਨ ਅਵਾਰਡ’ ਦਿੱਤੇ ਜਾਣੇ ਹਨ। ਇਹ ਅਵਾਰਡ ਹਰ ਸਾਲ 4 ਸ੍ਰੇਣੀਆਂ ਵਿੱਚ ਅਤਿ ਉੱਤਮ ਅਤੇ ਅਸਾਧਾਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਂਵਾਂ ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਚਾਰ ਸ੍ਰੇਣੀਆਂ ਵਿੱਚ ਪਿੰਡ ਦੀ ਪੰਚਾਇਤ, ਸਰਕਾਰੀ/ਪ੍ਰਾਈਵੇਟ ਅਦਾਰੇ, ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀ, ਗੈਰ ਸਰਕਾਰੀ ਸੰਸਥਾ (ਐਨ.ਜੀ.ਓ.), ਸਮਾਜਿਕ ਸੰਸਥਾ ਅਤੇ ਉਦਯੋਗਿਕ ਅਦਾਰੇ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਮੋਗਾ ਦੀਆਂ ਉਕਤ ਚਾਰੋਂ ਸ਼੍ਰੇਣੀਆਂ ਨਾਲ ਸਬੰਧਤ ਰੱਖਣ ਵਾਲਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉਕਤ ਐਵਾਰਡ ਲਈ 26 ਫਰਵਰੀ, 2024 ਤੱਕ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਅਪਲਾਈ ਕਰ ਸਕਦੇ ਹਨ। ਉਕਤ ਅਵਾਰਡ ਲਈ ਉਕਤ ਸ੍ਰੇਣੀਆਂ ਵਿੱਚੋਂ ਚੁਣੀ ਗਈ ਹਰੇਕ ਸੰਸਥਾ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ, ਸੰਸਥਾ ਵੱਲੋਂ ਕੀਤੇ ਗਏ ਉੱਤਮ ਕੰਮਾਂ ਲਈ ਪ੍ਰਸੰਸਾ ਪੱਤਰ ਅਤੇ ਇੱਕ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਦੀਆਂ ਇਸ ਐਵਾਰਡ ਲਈ ਯੋਗ ਪੰਚਾਇਤਾਂ, ਸਰਕਾਰੀ ਪ੍ਰਾਈਵੇਟ ਅਦਾਰਿਆਂ, ਵਿੱਦਿਅਕ ਸੰਸਥਾਵਾਂ ਤੇ ਗੈਰ ਸਰਕਾਰੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲੈਣ।
ਪੰਜਾਬ ਸਰਕਾਰ ਵੱਲੋਂ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਨ ਅਵਾਰਡਾਂ’ ਲਈ ਅਰਜੀਆਂ ਦੀ ਮੰਗ


