ਖੇਤੀਬਾੜੀ ਖੇਤਰ ਵਿੱਚ ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਪਹਿਲਕਦਮੀਆਂ ਦੀ ਮਜ਼ਬੂਤੀ ਲਈ ਪੰਜਾਬ ਤੇ ਕੈਲੀਫੋਰਨੀਆ ਨੇ ਹੱਥ ਮਿਲਾਇਆ

Politics Punjab

ਚੰਡੀਗੜ੍ਹ, 29 ਮਾਰਚ:

ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਰੱਖੀ ਗਈ ਉੱਚ-ਪੱਧਰੀ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਮਿੱਟੀ ਅਤੇ ਪਾਣੀ ਵਰਗੇ ਬੇਸ਼ਕੀਮਤੀ ਵਸੀਲਿਆਂ ਦੀ ਸੰਭਾਲ ਲਈ ਕੰਮ ਕਰ ਰਹੇ ਅੰਤਰਰਾਸ਼ਟਰੀ ਮਾਹਿਰਾਂ ਦੇ ਮੌਜੂਦਾ ਅਤੇ ਭਵਿੱਖੀ ਖੋਜ ਕਾਰਜਾਂ ਨੂੰ ਸਹਿਯੋਗ ਦੇਣ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗੀ।

ਮੀਟਿੰਗ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਤੌਰ ‘ਤੇ ਖੇਤੀਬਾੜੀ ਪ੍ਰਧਾਨ ਰਾਜ ਹੋਣ ਦੇ ਨਾਤੇ ਪੰਜਾਬ ਸੂਬਾ, ਖੇਤੀਬਾੜੀ ਵਿਗਿਆਨ ਅਤੇ ਇਸ ਨਾਲ ਸਬੰਧਤ ਹੋਰ ਕਾਰਜਾਂ ਖਾਸ ਕਰਕੇ ਖੇਤੀ ਸੈਕਟਰ ਵਿੱਚ ਮਿੱਟੀ ਅਤੇ ਪਾਣੀ ਦੀ ਸੰਭਾਲ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਇਸ ਮੰਤਵ ਲਈ ਆਪਣਾ ਪੂਰਨ ਸਹਿਯੋਗ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮਹੱਤਵਪੂਰਨ ਮੀਟਿੰਗ ਵਿੱਚ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਾਰ ਐਗਰੀਕਲਚਰ ਸਾਇੰਸ ਐਂਡ ਟੈਕਨਾਲੋਜੀ ਦੇ ਵਿਸ਼ੇਸ਼ ਵਫ਼ਦ, ਜਿਸ ਵਿੱਚ ਪ੍ਰੋਫੈਸਰ ਸ੍ਰੀਮਤੀ ਸ਼ੈਰਨ ਐਲਿਜ਼ਬੈਥ ਅਤੇ ਐਸੋਸੀਏਟ ਪ੍ਰੋਫੈਸਰ ਸ੍ਰੀ ਗੁਰੀਤਪਾਲ ਸਿੰਘ ਬਰਾੜ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਸ਼ਾਮਲ ਸਨ, ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਵਫ਼ਦ ਦਾ ਇਹ ਦੌਰਾ, ਪੰਜਾਬ ਦੀ ਟਿਕਾਊ ਖੇਤੀਬਾੜੀ ਅਤੇ ਆਲਮੀ ਪੱਧਰ ‘ਤੇ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਮਹੱਤਵਪੂਰਨ ਖੇਤਰਾਂ ਵਿੱਚ ਖੇਤੀਬਾੜੀ ਖੋਜ ਨੂੰ ਅੱਗੇ ਵਧਾਉਣ ਲਈ ਕੀਤੇ ਜਾਣ ਵਾਲੇ ਸਹਿਯੋਗੀ ਯਤਨਾਂ ਦਾ ਹਿੱਸਾ ਹੈ।

ਇਹ ਵਿਚਾਰਚਰਚਾ ਮਿੱਟੀ ਅਤੇ ਪਾਣੀ ਦੀ ਸੰਭਾਲ, ਜੋ ਅੱਜ ਦੇ ਬਦਲਦੇ ਖੇਤੀਬਾੜੀ ਦ੍ਰਿਸ਼ ਵਿੱਚ ਬੇਹੱਦ ਮੱਤਵਪੂਰਨ ਮੁੱਦੇ ਹਨ, ਲਈ ਨਵੀਨਤਾਕਾਰੀ ਢੰਗ-ਤਰੀਕੇ ਅਤੇ ਤਕਨੀਕਾਂ ਅਪਨਾਉਣ ‘ਤੇ ਕੇਂਦਰਤ ਸੀ। ਇਸ ਮੀਟਿੰਗ ਨੇ ਪੰਜਾਬ ਅਤੇ ਕੈਲੀਫੋਰਨੀਆ-ਅਧਾਰਤ ਮਾਹਿਰਾਂ ਨੂੰ ਕੁਦਰਤੀ ਸਰੋਤਾਂ ਦੀ ਰੱਖਿਆ ‘ਤੇ ਧਿਆਨ ਕੇਂਦਰਤ ਕਰਦਿਆਂ ਖੇਤੀਬਾੜੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਬਾਰੇ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਢੁਕਵਾਂ ਮੰਚ ਪ੍ਰਦਾਨ ਕੀਤਾ।

ਚੇਅਰਮੈਨ ਸ੍ਰੀ ਸ਼ਰਮਾ ਨੇ ਖੇਤੀਬਾੜੀ ਨਵੀਨਤਾ ਅਤੇ ਟਿਕਾਊ ਭੋਜਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕੈਲੀਫੋਰਨੀਆ ਦੇ ਵਫ਼ਦ ਵੱਲੋਂ ਪੰਜਾਬ ‘ਤੇ ਧਿਆਨ ਕੇਂਦਰਿਤ ਕਰਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਖੋਜ ਪੰਜਾਬ ਸੂਬੇ ਅਤੇ ਆਲਮੀ ਖੇਤੀਬਾੜੀ ਭਾਈਚਾਰੇ ਦੋਵਾਂ ਨੂੰ ਵੱਡੇ ਪੱਧਰ ‘ਤੇ ਲਾਭ ਪਹੁੰਚਾਏਗੀ।

ਕਮਿਸ਼ਨ ਦੇ ਮੈਂਬਰਾਂ ਸ੍ਰੀ ਵਿਜੇ ਦੱਤ, ਪ੍ਰੀਤੀ ਚਾਵਲਾ ਅਤੇ ਸ੍ਰੀ ਚੇਤਨ ਧਾਲੀਵਾਲ ਨੇ ਵਿਚਾਰਾਂ ਦੇ ਇਸ ਆਦਾਨ-ਪ੍ਰਦਾਨ ਵਿੱਚ ਕੀਮਤੀ ਯੋਗਦਾਨ ਲਈ ਸਾਰੇ ਭਾਈਵਾਲਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੰਚ ਨੇ ਖੇਤੀਬਾੜੀ ਵਿਕਾਸ ਵਿੱਚ ਪੰਜਾਬ ਅਤੇ ਕੈਲੀਫੋਰਨੀਆ ਦਰਮਿਆਨ ਨਿਰੰਤਰ ਗੱਲਬਾਤ ਦਾ ਮੁੱਢ ਬੰਨ੍ਹਿਆ ਹੈ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਪੰਜਾਬ ਅਤੇ ਕੈਲੀਫੋਰਨੀਆ ਦੇ ਖੇਤੀਬਾੜੀ ਆਗੂਆਂ ਨੇ ਮਿੱਟੀ ਅਤੇ ਪਾਣੀ ਦੀ ਸੰਭਾਲ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ‘ਤੇ ਚਰਚਾ ਕੀਤੀ।

Leave a Reply

Your email address will not be published. Required fields are marked *