ਫ਼ਰੀਦਕੋਟ 06 ਫ਼ਰਵਰੀ,2024
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਤਿੰਨ ਬਲਾਕਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸਮੂਹ ਐਸ.ਡੀ.ਐਮਜ਼ ਵੱਲੋਂ ਜਨ ਸੁਣਵਾਈ ਕੈਂਪਾਂ ਤਹਿਤ ਲੋਕਾਂ ਦੇ ਲੰਬਿਤ ਪਏ ਮਸਲਿਆਂ ਦਾ ਹੱਲ ਕੀਤਾ ਗਿਆ।
ਇਨ੍ਹਾਂ ਕੈਂਪਾਂ ਦੀ ਨਿਗਰਾਨੀ ਕਰਨ ਵਾਸਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਖੁਦ ਵੱਖ-ਵੱਖ ਕੈਂਪਾਂ ਵਿੱਚ ਜਾ ਕੇ ਲੋਕਾਂ ਨਾਲ ਸਿੱਧੇ ਤੌਰ ਤੇ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਪੁੱਛਿਆਂ ਕਿ ਜੇਕਰ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਰਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫ਼ੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਉਸਾਰੀ ਕਿਰਤੀਆਂ ਦੀ ਰਜ਼ਿਸਟ੍ਰੇਸ਼ਨ, ਬੁਢਾਪਾ ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਸਬੰਧੀ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਕੰਪਲਸਰੀ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾਂ ਰਜਿਸਟਰਡ/ਗ਼ੈਰ ਰਜਿਸਟਰਡ ਦਸਤਾਵੇਜਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ-ਰਹਿਤ ਸਰਟੀਫਿਕੇਟ, ਮੌਰਗੇਜ ਦੀ ਐਂਟਰੀ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫ਼ਰਦ ਕਰਵਾਉਣਾ,ਦਿਵਿਆਂਗ ਸਰਟੀਫਿਕੇਟ/ਯੂ.ਡੀ.ਆਈ.ਡੀ. ਕਾਰਡ, ਦਸਤਾਵੇਜ ਦੀ ਕਾਉਂਟਰ ਸਾਇਨਿੰਗ, ਮੁਆਵਜ਼ਾ ਬਾਂਡ, ਆਨੰਦ ਮੈਰਿਜ ਐਕਟ ਅਧੀਨ ਮੈਰਿਜ ਰਜਿਸਟ੍ਰੇਸ਼ਨ, ਬਾਰਡਰ ਏਰੀਆ ਸਰਟੀਫਿਕੇਟ, ਪੱਛੜਿਆ ਇਲਾਕਾ ਸਰਟੀਫਿਕੇਟ, ਜ਼ਮੀਨ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜਾਂ ਦੀ ਕਾਊਂਟਰ ਸਾਇਨਿੰਗ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੀ ਕਾਊਂਟਰ ਸਾਇਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਮੌਤ ਸਰਟੀਫਿਕੇਟ ਵਿੱਚ ਦਰੁਸਤੀ, ਆਸ਼ੀਰਵਾਦ ਸਕੀਮ ਆਦਿ ਸ਼ਾਮਲ ਹਨ।
ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਲੋਕਾਂ ਦੀਆਂ ਵੱਖ-ਵੱਖ ਮਹਿਕਮਿਆਂ ਜਿਵੇਂ ਤਹਿਸੀਲ ਦਫ਼ਤਰ, ਐਸ.ਡੀ.ਐਮ. ਦਫ਼ਤਰ, ਪੰਚਾਇਤ ਵਿਭਾਗ ਅਤੇ ਸਿਹਤ ਵਿਭਾਗ ਨਾਲ ਸੰਬੰਧਿਤ ਦਰਖਾਸਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦਾ ਮੁੱਖ ਮੰਤਵ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਦਰਖਾਸਤਾਂ ਤੇ ਕਾਰਵਾਈ ਕਰਨਾ ਹੈ। ਉਹਨਾਂ ਆਖਿਆ ਕਿ ਇਹ ਸਰਕਾਰ ਵੱਲੋਂ ਕੀਤਾ ਗਿਆ ਸ਼ਲਾਂਘਾਯੋਗ ਉਪਰਾਲਾ ਹੈ ਜਿਸ ਵਿੱਚ ਲੋਕਾਂ ਨੂੰ ਜਿੱਥੇ ਵਾਰ-ਵਾਰ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਂਦੇ ਅਤੇ ਖੱਜਲ ਖੁਆਰ ਨਹੀਂ ਹੋਣਾ ਪੈਂਦਾ ਉੱਥੇ ਨਾਲ ਹੀ ਲੋਕਾਂ ਦਾ ਕੀਮਤੀ ਸਮਾਂ ਵੀ ਬਚਦਾ ਹੈ। ਉਹਨਾਂ ਕਿਹਾ ਕਿ ਇਹਨਾਂ ਜਨ ਸੁਣਵਾਈ ਕੈਂਪਾਂ ਵਿੱਚ 43 ਸੇਵਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਦੇ ਵਿਸ਼ੇਸ਼ ਹੁਕਮਾਂ ਤਹਿਤ ਇਹਨਾਂ ਕੈਂਪਾਂ ਵਿੱਚ ਪੀ.ਜੀ.ਆਰ.ਐਸ ਪੋਰਟਲ ਤੇ ਸ਼ਿਕਾਇਤਾਂ ਨੂੰ ਦਰਜ ਕਰਕੇ ਮੌਕੇ ਤੇ ਜਲਦ ਨਿਪਟਾਰੇ ਤਹਿਤ ਵੀ ਲੋਕਾਂ ਨੂੰ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਨ੍ਹਾਂ ਕੈਂਪਾਂ ਦੌਰਾਨ ਸਮੂਹ ਵਿਭਾਗਾਂ ਵਲੋਂ ਸਟਾਲ ਵੀ ਲਗਾਏ ਗਏ ਅਤੇ ਅਰਜ਼ੀਆਂ ਲੈਣ ਤੋਂ ਇਲਾਵਾ ਪੈਮਫਲਿਟ ਇਸ਼ਤਿਹਾਰ ਦੇ ਰੂਪ ਵਿੱਚ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ।
ਹਲਕਾ ਕੋਟਕਪੂਰਾ ਵਿਖੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਐਡਵੋਕੇਟ ਬੀਰਇੰਦਰ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ, ਚੇਅਰਮੈਨ ਮਾਰਕੀਟ ਕਮੇਟੀ ਸ. ਗੁਰਮੀਤ ਸਿੰਘ ਆਰੇ ਵਾਲਾ, ਜ਼ਿਲਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ ਵਲੋਂ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਨ੍ਹਾਂ ਜਨ ਸੁਣਵਾਈ ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਐਸ.ਡੀ.ਐਮ ਫਰੀਦਕੋਟ ਸ਼੍ਰੀ ਵਰੁਣ ਕੁਮਾਰ,ਐਸ.ਡੀ.ਐਮ ਕੋਟਕਪੂਰਾ ਵੀਰਪਾਲ ਕੌਰ ਅਤੇ ਐਸ.ਡੀ.ਐਮ ਜੈਤੋ ਮਿਸ.ਤੁਸ਼ਿਤਾ ਗੁਲਾਟੀ ਵੱਲੋਂ ਜਨ ਸੁਣਵਾਈ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ 1076 ਨੰਬਰ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।