ਵਿਦਿਆਰਥੀਆਂ ਦੀ ਤਕਦੀਰ ਬਦਲਣ ਲਈ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ : ਭਗਵੰਤ ਸਿੰਘ ਮਾਨ

Bathinda Politics Punjab

ਬਠਿੰਡਾ, 24 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਸਕੂਲ ਪੱਧਰ ‘ਤੇ ਮਿਆਰੀ ਸਿੱਖਿਆ ਦੇ ਕੇ ਉਨ੍ਹਾਂ ਦੀ ਤਕਦੀਰ ਬਦਲਣ ਲਈ ਅਣਥੱਕ ਯਤਨ ਕਰ ਰਹੀ ਹੈ।

ਮਾਲ ਰੋਡ ’ਤੇ ਸਥਿਤ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਨਵੀਂ ਇਮਾਰਤ ਨੂੰ ਲੋਕਾਂ ਨੂੰ ਸਮਰਪਿਤ ਕਰਨ ਉਪਰੰਤ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਜਿਸ ਨੇ ਸਮਾਜਿਕ-ਆਰਥਿਕ ਪਾੜੇ ਨੂੰ ਪੂਰਦਿਆਂ ਵਿਦਿਆਰਥੀਆਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਕਿਉਂਕਿ ਵਿਦਿਆਰਥੀਆਂ ਦੀ ਭਲਾਈ ਤੋਂ ਵੱਧ ਕੁਝ ਵੀ ਮਹੱਤਵਪੂਰਨ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਮਾਪੇ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਹੁਣ ਇਹ ਸਕੂਲ ਆਧੁਨਿਕ ਸਿੱਖਿਆ ਦੇ ਮੰਦਰ ਬਣ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਰਨ ਵੱਡੀ ਗਿਣਤੀ ਵਿੱਚ ਵਿਦਿਆਰਥੀ ਕਾਨਵੈਂਟ ਸਕੂਲਾਂ ਵਿੱਚੋਂ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਆ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਹਤ, ਸਿੱਖਿਆ, ਬਿਜਲੀ, ਪਾਣੀ ਅਤੇ ਬੁਨਿਆਦੀ ਢਾਂਚਾ ਉਨ੍ਹਾਂ ਦੀ ਸਰਕਾਰ ਦੀਆਂ ਪੰਜ ਮੁੱਖ ਤਰਜੀਹਾਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਵਿਦਿਆਰਥੀਆਂ ਦੀ ਭਲਾਈ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਬਿਹਤਰ ਅਭਿਆਸ ਅਪਣਾਏ ਜਾਣ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਠਿੰਡਾ ਵਿੱਚ ਲੜਕੀਆਂ ਦਾ ਸਭ ਤੋਂ ਵੱਡਾ ਅਤੇ ਇਕਲੌਤਾ ਸਕੂਲ ਹੈ ਜਿੱਥੇ 2200 ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ 1958 ਵਿੱਚ ਬਣੇ ਇਸ ਸਕੂਲ ਦੇ ਨਵੀਨੀਕਰਨ ਦੀ ਸਖ਼ਤ ਲੋੜ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੀ ਨਵੀਂ ਪੰਜ ਮੰਜ਼ਿਲਾ ਇਮਾਰਤ 11 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ ਅਤੇ ਇਸ ਵਿੱਚ ਸਮਾਰਟ ਕਲਾਸਰੂਮ, ਸਾਇੰਸ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਸਮੇਤ 73 ਕਮਰੇ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪਹਿਲਾਂ ਇਹ ਸਕੂਲ ਦੋ ਸ਼ਿਫਟਾਂ ਵਿੱਚ ਚੱਲਦਾ ਸੀ ਪਰ ਹੁਣ ਵਿਦਿਆਰਥੀਆਂ ਦੀ ਭਲਾਈ ਲਈ ਇਹ ਇੱਕ ਸ਼ਿਫਟ ਵਿੱਚ ਹੀ ਚੱਲੇਗਾ।

ਸਿੱਖਿਆ ਦੇ ਖੇਤਰ ਵਿੱਚ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਹੋਰ ਪਹਿਲ ਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜ ਦਿਨਾਂ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਲਈ 202 ਪ੍ਰਿੰਸੀਪਲਾਂ/ਸਿੱਖਿਆ ਅਧਿਕਾਰੀਆਂ ਦੇ ਛੇ ਬੈਚ ਸਿੰਗਾਪੁਰ ਭੇਜੇ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪਿਛਲੇ ਹਫ਼ਤੇ 72 ਹੋਣਹਾਰ ਪ੍ਰਾਇਮਰੀ ਅਧਿਆਪਕਾਂ ਦੇ ਇੱਕ ਬੈਚ ਨੂੰ ਪੇਸ਼ੇਵਰ ਸਿਖਲਾਈ ਲਈ ਫਿਨਲੈਂਡ ਭੇਜਿਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ 152 ਹੈੱਡਮਾਸਟਰ/ਸਿੱਖਿਆ ਅਫ਼ਸਰਾਂ ਦੇ ਤਿੰਨ ਬੈਚ, ਅਤਿ ਆਧੁਨਿਕ ਅਕਾਦਮਿਕ ਸਿਖਲਾਈ ਲਈ ਆਈ.ਆਈ.ਐਮ. ਅਹਿਮਦਾਬਾਦ ਵਿਖੇ ਵੀ ਭੇਜੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਵਿਦਿਆਰਥੀ ਪੰਜਾਬ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਕੇ ਹਰ ਖੇਤਰ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲ ਸਿੱਖਿਆ ਵਿਭਾਗ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ 12316 ਯੋਗ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅਪ੍ਰੈਲ 2022 ਤੋਂ ਹੁਣ ਤੱਕ ਕੁੱਲ 10361 ਅਧਿਆਪਕ ਭਰਤੀ ਕੀਤੇ ਜਾ ਚੁੱਕੇ ਹਨ ਅਤੇ ਹੋਰ ਨਵੇਂ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵੀ ਜਾਰੀ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸਕੂਲ ਦੀ ਸੁਰੱਖਿਆ ਅਤੇ ਸਾਫ਼-ਸਫ਼ਾਈ ਲਈ ਕਰੀਬ 82 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੁੱਲ 118 ਸਰਕਾਰੀ ਸਕੂਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਆਫ਼ ਐਮੀਨੈਂਸ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਹਾਈ ਸਪੀਡ ਫਾਈਬਰ ਵਾਈ-ਫਾਈ ਇੰਟਰਨੈੱਟ ਕੁਨੈਕਸ਼ਨਾਂ ਲਈ 29.3 ਕਰੋੜ ਰੁਪਏ ਦਾ ਬਜਟ ਮੁਹੱਈਆ ਕਰਵਾਇਆ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ ਲਗਭਗ 35 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 118 ਸਕੂਲ ਆਫ਼ ਐਮੀਨੈਂਸ ਅਤੇ ਲੜਕੀਆਂ ਦੇ 17 ਸੀਨੀਅਰ ਸੈਕੰਡਰੀ ਸਕੂਲਾਂ ਲਈ ਟਰਾਂਸਪੋਰਟ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ।

ਸਮਾਗਮ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ, ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਜਤਿੰਦਰ ਭੱਲਾ, ਚੇਅਰਮੈਨ ਸ਼ੂਗਰਫੈਡ ਪੰਜਾਬ ਸ. ਨਵਦੀਪ ਜੀਦਾ, ਚੇਅਰਮੈਨ, ਪੰਜਾਬ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੈਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਅੰਮ੍ਰਿਤ ਲਾਲ ਅਗਰਵਾਲ, ਚੇਅਰਮੈਨ, ਆਬਕਾਰੀ ਤੇ ਕਰ ਵਿਭਾਗ ਸ਼੍ਰੀ ਅਨਿਲ ਠਾਕੁਰ, ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ, ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ, ਡੀਆਈਜੀ ਬਠਿੰਡਾ ਰੇਂਜ ਸ ਹਰਚਰਨ ਸਿੰਘ ਭੁੱਲਰ, ਐਸਐਸਪੀ ਮੈਡਮ ਅਮਨੀਤ ਕੌਂਡਲ, ਕਮਿਸ਼ਨਰ ਨਗਰ ਨਿਗਮ ਸ਼੍ਰੀ ਨਵਜੋਤ ਸਿੰਘ ਰੰਧਾਵਾ, ਸਿਖਲਾਈ ਅਧੀਨ ਆਈਏਐਸ ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਰਿੰਦਰ ਸਿੰਘ ਧਾਲੀਵਾਲ, ਆਪ ਆਗੂ ਸ ਅਮਰਦੀਪ ਰਾਜਨ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਤੇ ਵਿਦਿਆਰਥੀ ਆਦਿ ਹਾਜ਼ਰ ਸਨ।