ਪੰਜਾਬ ਵਿੱਚ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼: ਤਰੁਨਪ੍ਰੀਤ ਸਿੰਘ ਸੌਂਦ

Politics Punjab

ਚੰਡੀਗੜ੍ਹ, 21 ਮਾਰਚ:

ਪੰਜਾਬ ਵਿੱਚ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ। ਇਹ ਜਾਣਕਾਰੀ ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਪੰਜਾਬ ਵਿਧਾਨ ਸਭਾ ਦੌਰਾਨ ਇਕ ਸਵਾਲ ਦਾ ਜਵਾਬ ਦਿੰਦਿਆਂ ਦਿੱਤੀ।

ਵਿਧਾਇਕ ਕੁਲਵੰਤ ਸਿੰਘ ਵੱਲੋਂ ਪੁੱਛੇ ਸਵਾਲ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਜਾਂ ਨਹੀਂ, ਦੇ  ਜਵਾਬ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਇਸਦਾ ਹਾਂ ਪੱਖੀ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਘੱਟੋ-ਘੱਟ ਉਜਰਤਾਂ ਦੋ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ। ਇੱਕ ਤਰੀਕਾ ਹੈ ਕਿ ਘੱਟੋ-ਘੱਟ ਉਜਰਤਾਂ ਦੀ ਵਿਵਸਥਾ ਉਪਭੋਗਤਾ ਕੀਮਤ ਇੰਡੈਕਸ (ਕੰਜਿਊਮਰ ਪ੍ਰਾਈਸ ਇੰਡੈਕਸ) ਵਿੱਚ ਹੋਏ ਵਾਧੇ ਅਨੁਸਾਰ ਸਾਲ ਵਿੱਚ ਦੋ ਵਾਰ, 1 ਮਾਰਚ ਅਤੇ 1 ਸਤੰਬਰ ਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਤਾਬਕ ਆਖਰੀ ਵਾਧਾ 1 ਸਤੰਬਰ 2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 1 ਮਾਰਚ 2025 ਤੋਂ ਆਉਣ ਵਾਲੇ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ।

ਸੌਂਦ ਨੇ ਦੱਸਿਆ ਕਿ ਦੂਜਾ ਤਰੀਕਾ ਹੈ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਵਾਧਾ ਕਰਨਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਵਾਧਾ ਇਸ ਸਾਲ ਵਿੱਚ ਹੋ ਜਾਵੇਗਾ, ਜਿਸ ਨਾਲ ਬੇਸ ਸਾਲ 2025 ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਘੱਟੋ-ਘੱਟ ਉਜਰਤਾਂ ਦੇ ਬੇਸ ਰੇਟ ਵਿੱਚ ਆਖਰੀ ਰਵੀਜ਼ਨ ਸਾਲ 2012 ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਾਲ 2025 ਨੂੰ ਭਵਿੱਖੀ ਸਾਲ ਬਣਾਉਂਦੇ ਹੋਏ ਘੱਟੋ-ਘੱਟ ਉਜਰਤਾਂ ਨੂੰ ਇਸ ਸਾਲ ਦੋਹਰਾ ਦਿੱਤਾ ਜਾਵੇਗਾ।

ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀਆਂ/ਫੈਕਟਰੀਆਂ ਵਿੱਚ ਕੰਮ ਕਰ ਰਹੇ ਕਿਰਤੀਆਂ/ਕਰਮਚਾਰੀਆਂ ਸਬੰਧੀ ਕਿਰਤ ਵਿਭਾਗ ਵੱਲੋਂ ਪੰਜਾਬ ਵਿੱਚ 1 ਸਤੰਬਰ 2024 ਤੋਂ ਘੱਟੋ-ਘੱਟ ਉਜਰਤਾਂ ਦੀਆਂ ਦਰਾਂ ਦੀ ਵਿਵਸਥਾ ਭਾਰਤ ਸਰਕਾਰ ਵੱਲੋਂ ਪ੍ਰਾਪਤ ਕੰਜਿਊਮਰ ਪ੍ਰਾਈਸ ਇੰਡੈਕਸ ਅਨੁਸਾਰ ਕਰ ਦਿੱਤੀ ਗਈ ਸੀ, ਜਿਸ ਅਨੁਸਾਰ ਅਣ-ਸਿੱਖਿਅਤ ਕਾਮਿਆਂ ਲਈ ਮਾਸਿਕ 10996 ਰੁਪਏ ਨਿਰਧਾਰਿਤ ਕੀਤੇ ਗਏ ਹਨ।

ਇਸੇ ਤਰ੍ਹਾਂ ਅਰਧ-ਸਿੱਖਿਅਤ ਕਾਮਿਆਂ ਲਈ ਮਹੀਨੇ ਦੇ 11776 ਰੁਪਏ, ਸਿੱਖਿਅਤ ਲਈ ਮਾਸਿਕ 12673 ਰੁਪਏ, ਉੱਚ-ਸਿੱਖਿਅਤ ਲਈ ਮਹੀਨੇ ਦੇ 13705 ਰੁਪਏ, ਸਟਾਫ ਕੈਟਾਗਰੀ-ਏ ਲਈ ਮਹੀਨੇ ਦੇ 16166 ਰੁਪਏ, ਸਟਾਫ ਕੈਟਾਗਰੀ-ਬੀ ਲਈ ਮਾਸਿਕ 14496 ਰੁਪਏ, ਸਟਾਫ ਕੈਟਾਗਰੀ-ਸੀ ਲਈ ਮਾਸਿਕ 12996 ਰੁਪਏ ਅਤੇ ਸਟਾਫ ਕੈਟਾਗਰੀ-ਡੀ ਲਈ ਮਹੀਨੇ ਦੇ 11796 ਰੁਪਏ ਨਿਰਧਾਰਿਤ ਕੀਤੇ ਗਏ ਹਨ।

Leave a Reply

Your email address will not be published. Required fields are marked *