ਅਗਾਂਹਵਧੂ ਕਿਸਾਨ ਜਸਕਰਨ ਸਿੰਘ ਡੀ ਏ ਪੀ ਦੇ ਬਦਲਵੇਂ ਪ੍ਰਬੰਧ ਵਜੋਂ ਵਰਤ ਰਿਹਾ ਹੈ ਐਨ ਪੀ ਕੇ 12:32:16 

Politics Punjab

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ, 2024: 

ਜ਼ਿਲ੍ਹੇ ਦੇ ਪਿੰਡ ਪੰਨੂਆਂ ਦੇ ਅਗਾਂਹ ਵਧੂ ਕਿਸਾਨ ਜਸਕਰਨ ਸਿੰਘ ਦਾ ਕਹਿਣਾ ਹੈ ਕਿ ਕਿ ਸਾਨੂੰ ਡੀ ਏ ਪੀ ਦੀ ਘਾਟ ਨੂੰ ਬਦਲਵੇਂ ਫਾਸਫੋਰਸ ਤੱਤ ਦੀ ਮੌਜੂਦਗੀ ਵਾਲੇ ਖਾਦਾਂ ਨਾਲ ਪੂਰਾ ਕਰ ਲੈਣਾ ਚਾਹੀਦਾ ਹੈ। 

     ਜਸਕਰਨ ਸਿੰਘ ਨੇ ਬਲਾਕ ਖੇਤੀਬਾੜੀ ਅਫ਼ਸਰ, ਖਰੜ, ਸ਼ੁਭਕਰਨ ਸਿੰਘ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਉਸ ਨੂੰ ਡੀ ਏ ਪੀ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਨੇ ਸਿੰਗਲ ਸੁਪਰਫਾਸਫੇਟ ਨਾਲ ਆਪਣਾ ਕੰਮ ਚਲਾ ਲਿਆ ਸੀ, ਜਿਸ ਵਿੱਚ ਡੀ ਏ ਪੀ ਜਿੰਨਾ ਫਾਸਫੋਰਸ ਤੱਤ ਹੀ ਮੌਜੂਦ ਹੈ। ਉਸ ਦਾ ਕਹਿਣਾ ਹੈ ਕਿ ਫਾਸਫੋਰਸ ਤੱਤ ਬਾਜ਼ਾਰ ਵਿੱਚੋਂ ਉਪਲਬਧ ਕਿਸੇ ਵੀ ਚੰਗੀ ਗੁਣਵੱਤਾ ਦੀ ਖਾਦ ਚੋਂ ਮਿਲ ਜਾਂਦਾ ਹੈ, ਇਸ ਲਈ ਸਾਨੂੰ ਡੀ ਏ ਪੀ ਦੇ ਬਦਲ ਵਜੋਂ ਕਿਸੇ ਵੀ ਚੰਗੀ ਫਾਸਫੋਰਸ ਤੱਤ ਦੀ ਖਾਦ ਨੂੰ ਵਰਤਣ ਵਿੱਚ ਹਿਚਕਚਾਹਟ ਨਹੀਂ ਕਰਨੀ ਚਾਹੀਦੀ। 

    ਜਸਕਰਨ ਸਿੰਘ ਵੱਲੋਂ ਇਸ ਸਾਲ ਐਨ ਪੀ ਕੇ 12:32:16 ਦੀ ਵਰਤੋਂ ਕੀਤੀ ਜਾ ਰਹੀ ਹੈ, ਪਿਛਲੇ ਸਾਲ ਉਸ ਵੱਲੋਂ ਸਿੰਗਲ ਸੁਪਰਫਾਸਫੇਟ ਦੀ ਵਰਤੋਂ ਕੀਤੀ ਗਈ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਆਪਣੇ ਤਜਰਬੇ ਤੋਂ ਇਹ ਤੱਤ ਕੱਢਿਆ ਹੈ ਕਿ ਫਾਸਫੋਰਸ ਦੀ ਪੂਰਤੀ ਡੀ ਏ ਪੀ, ਐਨ ਪੀ ਕੇ ਜਾਂ ਸਿੰਗਲ ਸੁਪਰਫਾਸਫੇਟ ਜਾਂ ਟਰਿਪਲ ਸੁਪਰ ਫਾਸਫੇਟ; ਕਿਸੇ ਚੋਂ ਵੀ ਆਸਾਨੀ ਨਾਲ ਹੋ ਜਾਂਦੀ ਹੈ, ਇਸ ਲਈ ਸਾਨੂੰ ਕੇਵਲ ਡੀ ਏ ਪੀ ਦੀ ਮੰਗ ਕਰਕੇ ਇਸ ਨੂੰ ਮਹਿੰਗੇ ਰੇਟ ਵਿੱਚ ਨਹੀਂ ਖਰੀਦਣਾ ਚਾਹੀਦਾ। 

     ਜਸਕਰਨ ਸਿੰਘ ਇਸ ਵਾਰ ਪੰਜ ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਹੈ ਜਦਕਿ ਇੱਕ ਏਕੜ ਵਿੱਚ ਸਰੋਂ ਦੀ ਅਤੇ ਇੱਕ ਏਕੜ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੀ ਬਿਜਾਈ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਫਾਸਫੋਰਸ ਤੱਤ ਦੀ ਮੌਜੂਦਗੀ ਵਾਲੀ ਕੋਈ ਵੀ ਚੰਗੀ ਗੁਣਵੱਤਾ ਦੀ ਖਾਦ ਕਿਸਾਨ ਵਰਤ ਸਕਦੇ ਹਨ ਪਰ ਖਾਦ ਦਾ ਬਿਲ ਜ਼ਰੂਰ ਲਿਆ ਜਾਵੇ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। 

     ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਗੁਰਮੇਲ ਸਿੰਘ ਦੱਸਦੇ ਹਨ ਕਿ ਐਨ ਪੀ ਕੇ 12:32:16 ਦਾ ਡੀ ਏ ਪੀ ਦੇ ਮੁਕਾਬਲੇ ਡੇਢ ਬੈਗ, ਸਿੰਗਲ ਸੁਪਰਫਾਸਫੇਟ ਦੇ ਡੀ ਏ ਪੀ ਦੇ ਮੁਕਾਬਲੇ ਤਿੰਨ ਬੈਗ, ਟ੍ਰਿਪਲ ਸੁਪਰ ਫਾਸਫੇਟ ਦਾ ਡੀ ਏ ਪੀ ਦੇ ਮੁਕਾਬਲੇ ਇਕ ਬੈਗ ਅਤੇ ਐਨ ਪੀ ਕੇ 10:26:26 ਦਾ ਡੀ ਏ ਪੀ ਦੇ ਮੁਕਾਬਲੇ 1.8 ਬੈਗ ਹੀ ਫਾਸਫੋਰਸ ਤੱਤ ਦੀ ਕਣਕ ਲਈ ਲੋੜੀਦੀ ਮਾਤਰਾ ਲਈ ਕਾਫੀ ਹਨ। ਉਹਨਾਂ ਕਿਹਾ ਕਿ ਜੇ ਬਾਜ਼ਾਰ ਵਿੱਚ ਡੀ ਏ ਪੀ ਉਪਲਬਧ ਨਹੀਂ ਤਾਂ ਸਾਨੂੰ ਘਬਰਾਉਣ ਦੀ ਲੋੜ ਨਹੀਂ ਬਲਕਿ ਉਕਤ ਦੱਸੀਆਂ ਗਈਆਂ ਫਾਸਫੋਰਸ ਤੱਤ ਵਾਲੀਆਂ ਖਾਦਾਂ ਚੋਂ ਕਿਸੇ ਵੀ ਖਾਦ ਨੂੰ ਵਰਤਿਆ ਜਾ ਸਕਦਾ ਹੈ, ਜਿਨ੍ਹਾਂ ਦਾ ਵਾਧੂ ਫਾਇਦਾ ਇਹ ਹੈ ਕਿ ਇਹਨਾਂ ਵਿੱਚੋਂ ਸਾਨੂੰ ਹੋਰ ਖੁਰਾਕੀ ਤੱਤ ਵੀ ਮਿਲ ਜਾਂਦੇ ਹਨ, ਜੋ ਕਿ ਖੇਤ ਲਈ ਬੜੇ ਉਪਯੋਗੀ ਹੁੰਦੇ ਹਨ।