ਕੋਟ ਈਸੇ ਖਾਂ 19 ਫਰਵਰੀ:
ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਕੋਈ ਵੀ ਅਹੁਦਾ ਸਿਫਾਰਿਸ਼ ਦੇ ਨਾਲ ਨਹੀਂ ਦਿੱਤਾ ਜਾਂਦਾ, ਇਸ ਪਾਰਟੀ ਵਿੱਚ ਅਹੁਦੇ ਕੇਵਲ ਕੰਮ ਵੇਖ ਕੇ ਦਿੱਤੇ ਜਾਂਦੇ ਹਨ। ਜਦੋਂ ਤੋਂ ਸਰਕਾਰ ਸੱਤਾ ਵਿੱਚ ਆਈ ਹੈ ਇਸ ਨੇ ਹੋਰਨਾਂ ਵਾਅਦਿਆਂ ਦੇ ਨਾਲ ਬਿਜਲੀ ਸਬੰਧੀ ਹਰ ਵਾਅਦਾ ਪੂਰਾ ਕੀਤਾ ਹੈ, ਗੋਇੰਦਵਾਲ ਪਾਵਰ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਜਦੋਂ ਕਿ ਇਸ ਥਰਮਲ ਪਾਵਰ ਪਲਾਂਟ ਨੂੰ ਖਰੀਦਣ ਦੇ ਲਈ ਕਈ ਕਾਰਪੋਰੇਟ ਘਰਾਣੇ ਲਾਈਨ ਦੇ ਵਿੱਚ ਸਨ। ਪੰਜਾਬੀਆਂ ਦੀ ਮਿਹਨਤ ਅਤੇ ਸਰਕਾਰ ਦੀ ਸਾਫ ਸੁਥਰੀ ਛਵੀ ਕਰਕੇ ਬਿਜਲੀ ਬੋਰਡ ਅੱਜ ਕਰੋੜਾਂ ਰੁਪਏ ਦੇ ਮੁਨਾਫੇ ਦੇ ਵਿੱਚ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਹਰਭਜਨ ਸਿੰਘ ਨੇ ਕੋਟ ਈਸੇ ਖਾਂ ਵਿਖੇ ਕੀਤਾ। ਉਨ੍ਹਾਂ ਅੱਜ ਜਸਵਿੰਦਰ ਸਿੰਘ ਸਿੱਧੂ ਨੂੰ ਗਮਾਡਾ ਦੇ ਡਾਇਰੈਕਟਰ ਵਜੋਂ ਨਿਯੁਕਤੀ ਮਿਲਣ ਤੇ ਰੱਖੇ ਗਏ ਸਨਮਾਨ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਸਿੱਧੂ ਨੇ ਜਿੰਦਗੀ ਦੇ ਢਾਈ ਦਹਾਕੇ ਅਧਿਆਪਕ ਵਰਗ ਦੇ ਲਈ ਸੰਘਰਸ਼ ਕਰਨ ਅਤੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੀ ਦਿਸ਼ਾ ਸੁਧਾਰਨ ਦੇ ਲਈ ਅਤੇ ਪੰਜਾਬ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰਨ ਦੀ ਨੀਅਤ ਸਦਕਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਦੀਪ ਪਾਠਕ ਰਾਜ ਸਭਾ ਮੈਂਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਹੇਠ ਗਮਾਡਾ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਅਮਨਦੀਪ ਕੌਰ ਅਰੋੜਾ ਨੇ ਵੀ ਸੰਬੋਧਨ ਕੀਤਾ।
ਜਸਵਿੰਦਰ ਸਿੰਘ ਸਿੱਧੂ ਨੇ ਆਪਣੀ ਤਕਰੀਰ ‘ਚ ਕਿਹਾ ਕਿ ਉਦੋਂ ਹਰ ਮੈਦਾਨ ਫਤਿਹ ਹੁੰਦੀ ਹੈ ਜਦੋਂ ਸੀਨੇ ਦੇ ਵਿੱਚ ਕੋਈ ਜਿੱਤ ਦਾ ਜਨੂਨ ਹੋਏ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਣੀ ਫਿਰ ਵੀ ਅਸੀਂ ਪਾਰਟੀ ਦੀਆਂ ਸੇਵਾਵਾਂ ਨੂੰ ਸਮਰਪਿਤ ਰਹੇ। ਉਸ ਵਕਤ ਖੁਸ਼ੀ ਦੀ ਕੋਈ ਹੱਦ ਨਾ ਰਹੀ ਜਦੋਂ ਪਾਰਟੀ ਨੇ ਮੇਰੀਆਂ ਸੇਵਾਵਾਂ ਨੂੰ ਨਾਪਦਿਆਂ ਅਤੇ ਤੋਲਦਿਆਂ ਮੈਨੂੰ ਗਮਾਡਾ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ।
ਕੈਬਨਿਟ ਮੰਤਰੀ ਨੇ ਜਸਵਿੰਦਰ ਸਿੰਘ ਸਿੱਧੂ ਵੱਲੋਂ ਰੱਖੀ ਤੀਸਰੇ ਫੀਡਰ ਦੀ ਮੰਗ ਨੂੰ ਪੂਰਾ ਕਰਦਿਆਂ ਕਿਹਾ ਕਿ ਧਰਮਕੋਟ ਅਤੇ ਚੱਕ ਤਾਰੇਵਾਲਾ ਦੇ ਵਿੱਚ ਹੋਰ ਫੀਡਰਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਅਤੇ ਤੀਸਰਾ ਫੀਡਰ ਕੋਟ ਈਸੇ ਖਾਂ ਵਿੱਚ ਬਣਾ ਦਿੱਤਾ ਜਾਵੇਗਾ। ਉਹਨਾਂ ਨੇ ਧਰਮਕੋਟ ਤੋਂ ਜੋਗੇਵਾਲਾ ਤੱਕ ਸੜਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਸੜਕ ਦੀ ਮਰੰਮਤ ਦੇ ਲਈ 15 ਕਰੋੜ 42 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਕੋਟ ਈਸੇ ਖਾਂ ਤੋਂ ਗਾਲਿਬ ਵਾਇਆ ਜਗਰਾਉਂ ਨੂੰ ਜਾਣ ਵਾਲੀ ਸੜਕ ਵੀ ਮਰੰਮਤ ਹੋਣ ਜਾ ਰਹੀ ਹੈ।ਸਟੇਜ ਦਾ ਸੰਚਾਲਨ ਪਾਰਟੀ ਦੇ ਫਾਊਂਡਰ ਮੈਂਬਰ ਅਵਤਾਰ ਸਿੰਘ ਰੋਲੀ ਨੇ ਬਾਖੂਬ ਚਲਾਇਆ।
ਇਸ ਪ੍ਰੋਗਰਾਮ ਵਿੱਚ ਦੀਪਕ ਅਰੋੜਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਗੁਰਤੇਜ ਸਿੰਘ ਖੋਸਾ ਚੇਅਰਮੈਨ ਫਰੀਦਕੋਟ, ਹਰਮਨਜੀਤ ਸਿੰਘ ਬਰਾੜ ਪ੍ਰਧਾਨ ਚੇਅਰਮੈਨ ਮੋਗਾ, ਐਸੀ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਡਾਲਾ, ਸਾਬਕਾ ਪ੍ਰਧਾਨ ਮਹਿਲਾ ਵਿੰਗ ਮੈਡਮ ਕਮਲਜੀਤ ਕੌਰ, ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਰਣਜੀਤ ਸਿੰਘ ਬਾਠ, ਜ਼ਿਲ੍ਹਾ ਪ੍ਰਧਾਨ ਮਨਮੀਤ ਸਿੰਘ ਰਾੲ ਵੀ ਸ਼ਾਮਿਲ ਹੋਏ।
ਆਮ ਆਦਮੀ ਪਾਰਟੀ ਵਿੱਚ ਅਹੁਦੇ ਸਿਫਾਰਿਸ਼ ਵੇਖ ਕੇ ਨਹੀਂ, ਕੰਮ ਵੇਖ ਕੇ ਨਿਵਾਜੇ ਜਾਂਦੇ ਹਨ-ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ.


