ਅੰਮ੍ਰਿਤਸਰ 2 ਅਗਸਤ:
ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਾਣੀ ਦੀ ਸੰਭਾਲ ਕਰਨੀ ਪਵੇਗੀ ਕਿਉਂਕਿ ਦਿਨ ਪ੍ਰਤੀ ਦਿਨ ਸਾਡੇ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ ਅਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਪਾਣੀ ਦੀ ਸਹੀ ਵਰਤੋਂ ਕਰੀਏ ਅਤੇ ਆਪਣੇ ਬੱਚਿਆਂ ਨੂੰ ਪਾਣੀ ਦੀ ਸੰਭਾਲ ਸਬੰਧੀ ਜਾਗਰੂਕ ਕਰੀਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਭਰਤ ਭੂਸ਼ਣ ਵਰਮਾ ਮੁੱਖ ਨੋਡਲ ਅਫਸਰ ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਨੇ ਦੱਸਿਆ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਪਾਣੀ ਦੀ ਬੱਚਤ ਕਿਵੇਂ ਕੀਤੀ ਜਾਵੇ ਅਤੇ ਬਾਰਿਸ਼ ਦੇ ਪਾਣੀ ਨੂੰ ਰੀਚਾਰਜ ਕਰਕੇ ਕਿਵੇਂ ਵਰਤਿਆ ਜਾਵੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਬਣੇ ਛੱਪੜਾਂ ਦੇ ਪਾਣੀ ਨੂੰ ਮੁੜ ਰੀਚਾਰਜ ਕਰਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਇਸ ਮੌਕੇ ਸ੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਉਂਡ ਜਲ ਬੋਰਡ ਨਵੀਂ ਦਿੱਲੀ ਨੇ ਬੱਚਿਆਂ ਨੂੰ ਦੱਸਿਆ ਕਿ ਪਾਣੀ ਦੀ ਸਹੀ ਵਰਤੋਂ ਕਰਕੇ ਹੀ ਅਸੀਂ ਪਾਣੀ ਨੂੰ ਸੰਭਾਲ ਸਕਦੇ ਹਾਂ। ਇਸ ਮੌਕੇ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨੈਂਸ ਸੁਲਤਾਨਵਿੰਡ ਦੇ ਬੱਚਿਆਂ ਦਾ ਪਾਣੀ ਦੀ ਸੰਭਾਲ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ । ਇਸ ਉਪਰੰਤ ਜਲ ਸਕਤੀ ਅਭਿਆਨ ਟੀਮ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਗੌਂਸਾਬਾਦ ਦਾ ਦੌਰਾ ਵੀ ਕੀਤਾ ਗਿਆ।
ਇਸ ਮੌਕੇ ਸ੍ਰੀ ਰਵਿੰਦਰ ਸਿੰਘ ਬਤੌਰ ਜਿਲ੍ਹਾ ਨੋਡਲ ਅਫਸਰ-ਕਮ-ਮੰਡਲ ਭੂਮੀਂ ਰੱਖਿਆ ਅਫਸਰ ਅੰਮ੍ਰਿਤਸਰ ਨੇ ਬੱਚਿਆਂ ਨੂੰ ਕਿਹਾ ਕਿ ਪਾਣੀ ਦੀ ਵਰਤੋਂ ਸਬੰਧੀ ਲੋਕਾਂ ਵਿੱਚ ਵਧੀਆ ਤਰੀਕੇ ਨਾਲ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਪੌਦੇ ਲਗਾਉਣ ਲਈ ਵੀ ਪ੍ਰੇਰਿਤ ਕਰ ਸਕਦੇ ਹੋ। ਇਸ ਮੌਕੇ ਜਲ ਸ਼ਕਤੀ ਅਭਿਆਨ ਦੀ ਟੀਮ ਵੱਲੋਂ ਵਾਤਾਵਰਣ ਨੂੰ ਸਵੱਛ ਰੱਖਣ ਲਈ ਸਕੂਲ ਵਿੱਚ ਪੌਦੇ ਵੀ ਲਗਾਏ ਗਏ।