ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਲਈ ਕੀਤੀਆਂ ਰਵਾਨਾ

Mansa Politics Punjab

ਮਾਨਸਾ,  20 ਦਸੰਬਰ:
ਮਾਨਸਾ ਜ਼ਿਲ੍ਹੇ ਦੀਆਂ ਨਗਰ ਪੰਚਾਇਤਾਂ ਭੀਖੀ ਅਤੇ ਸਰਦੂਲਗੜ੍ਹ ਵਿਖੇ 21 ਦਸੰਬਰ 2024 ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਭੀਖੀ ਅਤੇ ਸਰਦੂਲਗੜ੍ਹ ਨਗਰ ਪੰਚਾਇਤਾਂ ਵਿੱਚ ਨਿਰਪੱਖ ਅਤੇ ਸਫਲਤਾ ਪੂਰਵਕ ਚੋਣਾਂ ਕਰਵਾਉਣ ਲਈ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਕੁਮਾਰ ਜੈਨ ਅਤੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਦੀ ਅਗਵਾਈ ਹੇਠ ਪੋਲਿੰਗ ਪਾਰਟੀਆਂ ਨੂੰ ਰਿਹਰਸਲਾਂ ਕਰਵਾ ਕੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭੀਖੀ ਵਿਖੇ 13 ਵਾਰਡਾਂ ਅਤੇ ਸਰਦੂਲਗੜ੍ਹ ਵਿਖੇ 15 ਵਾਰਡਾਂ ਲਈ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ 200 ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਿ੍ਹਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਲਈ ਭੀਖੀ ਨਗਰ ਪੰਚਾਇਤ ਵਿਖੇ 14 ਪੋਲਿੰਗ ਬੂਥ ਅਤੇ ਸਰਦੂਲਗੜ੍ਹ ਵਿਖੇ 17 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਵੋਟਾਂ ਸਵੇਰੇ 07 ਵਜੇ ਤੋਂ ਸ਼ਾਮ 04 ਵਜੇ ਤੱਕ ਪੈਣਗੀਆਂ ਅਤੇ ਉਸ ਤੋਂ ਬਾਅਦ ਬੂਥਾਂ ’ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ।