(ਐਸ.ਏ.ਐਸ.ਨਗਰ), 15 ਮਈ, 2024: 06-ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਪੁਲਿਸ ਅਬਜ਼ਰਵਰ, ਸੰਦੀਪ ਗਜਾਨਨ ਦੀਵਾਨ, ਜੋ ਕਿ 2010 ਬੈਚ ਦੇ ਆਈ.ਪੀ.ਐਸ ਹਨ, ਨੇ ਵੋਟਾਂ ਪੈਣ ਤੋਂ ਬਾਅਦ ਈ.ਵੀ.ਐਮਜ਼ ਦੀ ਸੁਰੱਖਿਅਤ ਸਟੋਰੇਜ ਲਈ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਦਾ ਦੌਰਾ ਕੀਤਾ। 052-ਖਰੜ ਅਤੇ 053-ਐਸ.ਏ.ਐਸ ਨਗਰ ਲਈ ਕਾਊਂਟਿੰਗ ਸੈਂਟਰ, ਸਰਕਾਰੀ ਪੌਲੀਟੈਕਨਿਕ ਖੂਨੀ ਮਾਜਰਾ ਵਿਖੇ ਬਣਾਏ ਗਏ ਦੋ ਕਾਊਂਟਿੰਗ ਹਾਲਾਂ ਦਾ ਨਿਰੀਖਣ ਕਰਦਿਆਂ, ਉਨ੍ਹਾਂ ਨੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧਾਂ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਧਾਤ ਦੀਆਂ ਚਾਦਰਾਂ ਨਾਲ ਬੰਦ ਕਰਨ ਅਤੇ ਇੱਕ ਹਾਲ ਦੇ ਪਿਛਲੇ ਪਾਸੇ ਤੋਂ ਪ੍ਰਵੇਸ਼ ਨੂੰ ਇੱਟ ਦੀ ਕੰਧ ਨਾਲ ਬੰਦ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਈ.ਵੀ.ਐਮਜ਼ ਦੀ ਦੇਖ-ਰੇਖ ਲਈ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ, ਕਿਸੇ ਦੀ ਵੀ ਪਹੁੰਚ ਦੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੋਵੇਂ ਹਾਲਾਂ ਵਿੱਚ ਇੱਕ ਸਕਰੀਨ ਦੇ ਨਾਲ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਅੰਦਰ ਪਈਆਂ ਈ ਵੀ ਐਮਜ਼ ਤੇ ਨਜ਼ਰ ਰੱਖੀ ਜਾ ਸਕੇ। ਏਡੀਸੀ (ਜੀ) ਵਿਰਾਜ ਐਸ ਤਿੜਕੇ ਨੇ ਮੁਹਾਲੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਪੁਲੀਸ ਅਬਜ਼ਰਵਰ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 53-ਐਸ.ਏ.ਐਸ.ਨਗਰ ਲਈ ਡਿਸਪੈਚ ਸੈਂਟਰ-ਕਮ-ਸਟਰਾਂਗ ਰੂਮ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਅਤੇ 52-ਖਰੜ ਲਈ ਸਰਕਾਰੀ ਪੌਲੀਟੈਕਨਿਕ ਖੂਨੀ ਮਾਜਰਾ ਵਿਖੇ ਸਥਾਪਿਤ ਕੀਤਾ ਗਿਆ ਹੈ। ਇੱਥੇ ਦੋ ਕਾਉਂਟਿੰਗ ਹਾਲ ਬਣਾਏ ਗਏ ਹਨ ਜਿਨ੍ਹਾਂ ਵਿੱਚ 14-14 ਕਾਊਂਟਿੰਗ ਟੇਬਲ ਹਨ, ਉਨ੍ਹਾਂ ਅੱਗੇ ਦੱਸਿਆ ਕਿ ਐਸ.ਏ.ਐਸ.ਨਗਰ ਵਿੱਚ 251 ਪੋਲਿੰਗ ਬੂਥ ਹਨ ਜਦਕਿ ਖਰੜ ਵਿੱਚ ਕੁੱਲ 278 ਬੂਥ ਹਨ। ਗਿਣਤੀ ਟੀਮਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਹਲਕਾ ਪੱਧਰੀ ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਐਸ.ਏ.ਐਸ.ਨਗਰ ਦੇ ਐਸ ਐਸ ਪੀ ਡਾ: ਸੰਦੀਪ ਗਰਗ ਨੇ ਐਸ.ਪੀ (ਐਚ) ਤੁਸ਼ਾਰ ਗੁਪਤਾ ਨਾਲ ਪੁਲਿਸ ਅਬਜ਼ਰਵਰ ਨੂੰ ਬੂਥ ਪੱਧਰ ‘ਤੇ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਅਤੇ ਕਮਜ਼ੋਰ ਬੂਥਾਂ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਬਜ਼ਰਵਰ ਨੂੰ ਗੈਰ-ਕਾਨੂੰਨੀ ਸ਼ਰਾਬ, ਨਕਦੀ ਜਾਂ ਹੋਰ ਕੀਮਤੀ ਸਮਾਨ ਦੀ ਢੋਆ-ਢੁਆਈ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਤੌਰ ‘ਤੇ ਅੰਤਰ-ਜ਼ਿਲ੍ਹਾ ਸਰਹੱਦਾਂ ‘ਤੇ ਲਗਾਏ ਗਏ ਨਾਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਦੀਪਾਂਕਰ ਗਰਗ ਮੁਹਾਲੀ ਅਤੇ ਗੁਰਮੰਦਰ ਸਿੰਘ ਖਰੜ ਵੀ ਹਾਜ਼ਰ ਸਨ ਅਤੇ ਉਨ੍ਹਾਂ ਪੁਲਿਸ ਅਬਜ਼ਰਵਰ ਨੂੰ ਆਪੋ-ਆਪਣੇ ਹਲਕਿਆਂ ਲਈ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ।