ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਆਯੋਜਿਤ

Mansa Politics Punjab

ਬੁਢਲਾਡਾ, ਮਾਨਸਾ, 01 ਫਰਵਰੀ:
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ੍ਰ. ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਸਥਾ ਦੇ ਕਰੀਬ ਚਾਲੀ ਵਿਦਿਆਰਥੀਆਂ ਨੇ ਭਾਗ ਲਿਆ।
ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੁਆਗਤ ਕਰਦਿਆਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਭਾਸ਼ਾ ਵਿਭਾਗ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਬਾਰੇ ਅਹਿਮ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾਇਟ ਅਹਿਮਦਪੁਰ ਸਾਹਿਤ ਅਤੇ ਭਾਸ਼ਾ ਦੀਆਂ ਗਤੀਵਿਧੀਆਂ ਲਈ ਆਪਣੇ ਦਰਵਾਜੇ ਖੋਲ੍ਹਦੀ ਹੈ।
ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਇਸ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਰਚੀਆਂ ਕਵਿਤਾਵਾਂ ਨੂੰ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਵਿਚ ਪ੍ਰਕਾਸ਼ਿਤ ਕਰਵਾਉਣ ਦਾ ਯਤਨ ਕੀਤਾ ਜਾਵੇਗਾ।  
ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਕਾਵਿ ਸਿਰਜਣ ਕਾਰਜਸ਼ਾਲਾ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਵਿਤਾ ਇੱਕ ਵਿਅਕਤੀਗਤ ਹੋਂਦ ਦੇ ਬਾਵਜੂਦ ਸਮਾਜਿਕ ਉਪਜ ਵੀ ਹੁੰਦੀ ਹੈ। ਕਵਿਤਾ ਨਿਜੀ ਅਹਿਸਾਸਾਂ ਅਤੇ ਅਨੁਭਵਾਂ ਨੂੰ ਸਮਾਜਿਕ ਬਣਾਉਣ ਦਾ ਯਤਨ ਹੈ। ਇਹ ਕੰਮ ਰੂਪਕਾਂ ਅਤੇ ਅਲੰਕਾਰਾਂ ਦੁਆਰਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਵਿਤਾ ਅਰਥਾਂ ਦੀਆਂ ਭਿੰਨ ਭਿੰਨ ਪਰਤਾਂ ਪੇਸ਼ ਕਰਦੀ ਹੈ। ਚੰਗੀ ਕਵਿਤਾ ਵਿਚ ਹਰ ਸ਼ਬਦ ਬੋਲਦਾ ਹੈ ਤੇ ਉਹ ਪਾਠਕਾਂ ਨੂੰ ਸੋਚਣ ਲਾਉਂਦੀ ਹੈ।
ਇਸ ਮੌਕੇ ਵਿਦਿਆਰਥੀਆਂ ਨੇ ਮੌਕੇ ’ਤੇ ਕੁੱਝ ਕਵਿਤਾਵਾਂ ਦੀ ਰਚਨਾ ਵੀ ਕੀਤੀ ਜਿੰਨ੍ਹਾਂ ਵਿਚ ਕਿਰਨਦੀਪ ਕੌਰ, ਰਮਨਦੀਪ ਕੌਰ, ਸੋਨੀ ਸਿੰਘ, ਹਰਜਿੰਦਰ ਕੌਰ, ਅਰਸ਼ਦੀਪ ਸਿੰਘ, ਹਰਮੇਸ਼ ਸਿੰਘ, ਰਾਮਚੰਦਰ ਸਿੰਘ, ਹਰਦੀਪ ਕੌਰ ਅਤੇ ਰੀਨਾ ਰਾਣੀ ਆਦਿ ਸ਼ਾਮਿਲ ਸਨ। ਇਸ ਕਾਰਜਸ਼ਾਲਾ ਵਿਚ ਕਵੀ ਗੁਰਪ੍ਰੀਤ ਨੇ ਆਪਣੀ ਕਾਵਿ-ਸਿਰਜਣਾ ਬਾਰੇ ਗੱਲਾਂ ਕਰਦਿਆਂ ਕੁੱਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।  
ਇਸ ਕਾਰਜਸ਼ਾਲਾ ਦਾ ਮੰਚ ਸੰਚਾਲਨ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕੀਤਾ। ਡਾ. ਕਰਨੈਲ ਵੈਰਾਗੀ, ਪਰਸ਼ੋਤਮ ਸਿੰਘ, ਸਰੋਜ ਰਾਣੀ, ਡਾ. ਅੰਗਰੇਜ਼ ਸਿੰਘ ਵਿਰਕ, ਨਵਦੀਪ ਕੌਰ, ਧਰਮਪਾਲ ਸ਼ਰਮਾ, ਬਲਦੇਵ ਸਿੰਘ, ਸਤਨਾਮ ਸਿੰਘ ਆਦਿ ਲੈਕਚਰਾਰ ਮੌਜੂਦ ਸਨ।

0 thoughts on “ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡਾਇਟ ਅਹਿਮਦਪੁਰ ਵਿਖੇ ਕਾਵਿ ਸਿਰਜਣ ਕਾਰਜਸ਼ਾਲਾ ਆਯੋਜਿਤ

Leave a Reply

Your email address will not be published. Required fields are marked *