ਸਮੋਗ ਤੇ ਧੁੰਦ ਕਾਰਨ ਖਰਾਬ ਹੋ ਰਹੇ ਜਿਲ੍ਹੇ ਦੇ ਏਅਰ ਕੁਆਲਿਟੀ ਇੰਡੈਕਸ ਪ੍ਰਤੀ ਚੌਕਸ ਰਹਿਣ ਲੋਕ

Politics Punjab

ਫਾਜ਼ਿਲਕਾ 16 ਨਵੰਬਰ

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਲੋਕਾਂ ਨੂੰ ਸਮੋਗ ਤੇ ਧੁੰਦ ਕਾਰਨ ਲਗਾਤਾਰ ਖਰਾਬ ਹੋ ਰਹੇ ਜਿਲ੍ਹੇ ਦੇ ਏਅਰ ਕੁਆਲਿਟੀ ਇੰਡੈਕਸ ਪ੍ਰਤੀ ਚੌਕਸ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਧੁੱਪ ਨਾ ਨਿਕਲਣ ਅਤੇ ਬਾਰਿਸ਼ ਨਾ ਹੋਣ ਕਰਕੇ ਹਾਲਾਤ ਹੋਰ ਖਰਾਬ ਹੋ ਰਹੇ ਹਨ ਅਤੇ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਇਸ ਨਾਲ ਬਜੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਦੀ ਸਮੱਸਿਆ ਪੇਸ਼ ਆ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਮੌਗ ਤੇ ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਕਿਸੇ ਵੀ ਕੰਮ ਲਈ ਘਰੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਹਿਨੋ।

ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਠੰਡੀ ਹਵਾ ਦੌਰਾਨ ਪਾਣੀ ਦੀਆਂ ਬੂੰਦਾਂ, ਧੂੜ-ਮਿੱਟੀ ਅਤੇ ਹਵਾ ਵਿੱਚ ਮੌਜੂਦ ਖਤਰਨਾਕ ਤੱਤ ਜਿਵੇਂ ਨਾਈਟ੍ਰੋਜਨ ਆਕਸਾਈਡ ਅਤੇ ਆਰਗੇਨਿਕ ਕੰਪਾਊਂਡ ਮਿਲ ਕੇ ਇੱਕ ਪਰਤ ਬਣਾਉਂਦੇ ਹਨ, ਜੋ ਸਮੋਗ ਦਾ ਨਿਰਮਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨ ਕਾਰਨ ਵੀ ਹਵਾ ਪ੍ਰਦੂਸ਼ਣ ਦੀ ਮਾਤਰਾ ਕਾਫੀ ਵੱਧ ਗਈ ਹੈ, ਪਰਾਲੀ ਸਾੜਨ ਕਾਰਨ ਜੋ ਧੂੰਆਂ ਬਣਦਾ ਹੈ ਉਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ, ਦਮਾ, ਫੇਫੜਿਆਂ ਵਿੱਚ ਸੰਕਰਮਣ ਜੁਕਾਮ ਅਤੇ ਅੱਖਾਂ ਵਿੱਚ ਜਲਣ ਦੀ ਸਮੱਸਿਆ ਪੇਸ਼ ਆਉਂਦੀ ਹੈ।

ਇਸ ਲਈ ਸਾਨੂੰ ਸਾਰੀਆਂ ਨੂੰ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਤੋਂ ਪਰਹੇਜ਼ ਕੀਤਾ ਜਾਵੇ ਅਤੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਂ ਹਦਾਇਤਾਂ ਅਨੁਸਾਰ ਪਰਾਲੀ ਦਾ ਪ੍ਰਬੰਧਨ ਕੀਤਾ ਜਾਵੇ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਅਤੇ ਲੋਕਾਂ ਨੂੰ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਈਆ ਜਾ ਸਕੇ।

ਉਹਨਾਂ ਨੇ  ਕਿਹਾ ਕਿ ਅਸਥਮਾ, ਸਾਹ ਦੀਆਂ ਬੀਮਾਰੀਆਂ ਸਹਿ ਰੋਗਾਂ ਨਾਲ ਪੀੜਤ ਮਰੀਜਾਂ ਨੂੰ ਵਧੇਰੇ ਸਚੇਤ ਰਹਿਣ ਦੀ ਲੋੜ ‘ਤੇ ਜੋਰ ਦਿੰਦਿਆਂ ਕਿਹਾ ਕਿ ਉਹ ਸਵੇਰੇ ਸ਼ਾਮ ਦੀ ਸੈਰ ਤੋਂ ਪਰਹੇਜ਼ ਕਰਨ, ਆਪਣੀਆਂ ਦਵਾਈਆਂ ਤੇ ਖਾਣ-ਪਾਣ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਜੇਕਰ ਬਾਹਰ ਜਾਣਾ ਜਰੂਰੀ ਹੈ ਤਾਂ ਮਾਸਕ ਪਹਿਨ ਕੇ ਹੀ ਘਰੋਂ ਬਾਹਰ ਜਾਓ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜਿਆਦਾ ਪ੍ਰਦੂਸ਼ਣ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਸਵੇਰੇ ਅਤੇ ਦੇਰ ਸ਼ਾਮ ਨੂੰ ਬਹੁਤ ਜ਼ਰੂਰੀ ਕੰਮ ਨਾ ਹੋਣ ਤੇ ਘਰੋਂ ਬਾਹਰ ਨਿਕਲਣ ਤੋਂ ਬਚਿਆ ਜਾਵੇ।

Leave a Reply

Your email address will not be published. Required fields are marked *