ਅਜਨਾਲਾ, 3 ਜੁਲਾਈ — ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਨਸ਼ੇ ਨੂੰ ਮੁਕੰਮਲ ਤੌਰ ਉਤੇ ਠੱਲ ਪਾਉਣ ਲਈ ਸਰਹੱਦੀ ਪੱਟੀ ਤੇ ਵਾਸੀਆਂ ਦੇ ਸਾਥ ਦੀ ਲੋੜ ਹੈ। ਐਸ .ਡੀ .ਐਮ ਅਜਨਾਲਾ ਸਰਦਾਰ ਅਰਵਿੰਦਰ ਪਾਲ ਸਿੰਘ ਨੇ ਸਰਹੱਦੀ ਪਿੰਡਾਂ ਦੀ ਰੱਖਿਆ ਲਈ ਬਣਾਈਆਂ ਵਿਸੇਸ ਕਮੇਟੀਆਂ ਨਾਲ ਨਸ਼ਿਆਂ ਦੀ ਮੌਜੂਦਾ ਸਥਿਤੀ ਬਾਬਤ ਸਿਵਲ, ਪੁਲਿਸ, ਬੀ ਐਸ ਐਫ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀੱਆਂ ਨਾਲ ਸਾਂਝੀ ਮੀਟਿੰਗ ਕਰਦੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
ਸਰਹੱਦ ਦੇ ਪਿੰਡ ਸੈਦੋਗਾਜੀ ਅਤੇ ਮਾਜੀ ਮਿਓ ਵਿਖੇ ਕੀਤੀਆਂ ਮੀਟਿੰਗਾਂ ਦੌਰਾਨ ਸ ਅਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਦੀ ਲੋੜ ਹੈ ਜਿਸ ਵਿੱਚ ਹਰ ਵਰਗ ਦਾ ਸ਼ਾਮਿਲ ਹੋਣਾ ਜਰੂਰੀ ਹੈ ਤਾਂ ਹੀ ਇਸ ਸਮਾਜਿਕ ਬੁਰਾਈ ਖਾਤਮਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਕੇਵਲ ਨਸ਼ਾ ਸਮਗਲਰ ਫੜਨ ਨਾਲ ਇਹ ਮਸਲਾ ਹੱਲ ਨਹੀਂ ਹੋ ਸਕਦਾ, ਇਸ ਲਈ ਨਸ਼ੇ ਦੀ ਮੰਗ ਖਤਮ ਕਰਨੀ ਅਤੇ ਨਸ਼ਾ ਲੈ ਰਹੇ ਬੱਚਿਆਂ ਦਾ ਇਲਾਜ ਕਰਵਾਉਣਾ ਵੀ ਜਰੂਰੀ ਹੈ। ਉਨਾਂ ਕਿਹਾ ਕਿ ਅਸੀਂ ਹਰ ਤਰਾਂ ਨਾਲ ਤਿਆਰ ਹਾਂ, ਪਰ ਲੋਕਾਂ ਦੇ ਸਾਥ ਦੀ ਲੋੜ ਹੈ, ਜੋ ਕਿ ਨਸ਼ੇ ਖਿਲਾਫ ਅਵਾਜ ਬੁਲੰਦ ਕਰਨ। ਉਹਨਾਂ ਕਿਹਾ ਕਿ ਜਦੋਂ ਵੀ ਸਰਹੱਦ ਪਾਰੋਂ ਡਰੋਨ ਦੀ ਆਮਦ ਦਾ ਪਤਾ ਲੱਗੇ ਤਾਂ ਤੁਸੀਂ ਤੁਰੰਤ ਸਾਨੂੰ ਪੁਲਿਸ ਜਾਂ ਬੀਐਸਐਫ ਨੂੰ ਦੱਸੋ। ਇਸ ਤੋਂ ਇਲਾਵਾ ਜੇਕਰ ਕੋਈ ਪਿੰਡ ਵਿੱਚ ਨਸੇ ਵੇਚਦਾ ਹੈ ਤਾਂ ਉਸਦਾ ਨਾਂ ਵੀ ਦੱਸੋ , ਅਸੀਂ ਤੁਹਾਡਾ ਨਾਂ ਗੁਪਤ ਰੱਖਦੇ ਹੋਏ ਕਰਵਾਈ ਕਰਾਂਗੇ।
ਇਸ ਮੌਕੇ ਡੀਐਸਪੀ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਨਾਂ ਕਿਹਾ ਕਿ ਸਰਹੱਦੀ ਪੱਟੀ ਦੇ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਨਾਲ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ ਨਾਲ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਐਸ ਡੀ ਐਮ ਨੇ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਇਸ ਮੌਕੇ ਬੀਐਸਐਫ ਦੇ ਕੰਪਨੀ ਕਮਾਂਡਰ ਸ੍ਰੀ ਹਰੀ ਓਮ ਸੁਆਮੀ, ਤਹਿਸੀਲਦਾਰ ਸ੍ਰੀ ਰਾਜ ਪਿ੍ਰਤਪਾਲ ਝਾਵਰ , ਨਾਇਬ ਤਹਸੀਲਧਰ ਸ੍ਰੀ ਅਕਸੇ ਕੁੰਦਰਾ, ਬੀਡੀਪੀਓ ਸ੍ਰੀ ਸੁਖਜੀਤ ਸਿੰਘ ਬਾਜਵਾ ਅਤੇ ਪਿੰਡਾਂ ਦੇ ਮੋਹਤਬਰ ਵੱਡੀ ਗਿਣਤੀ ਵਿੱਚ ਹਾਜਰ ਹੋਏ।