ਰੂਪਨਗਰ, 17 ਮਾਰਚ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈ.ਸੀ.ਏ.ਆਰ.- ਜ਼ੋਨ-1 ਦੇ ਸਹਿਯੋਗ ਹੇਠ ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਫੂਲ ਖੁਰਦ ਵਿੱਖੇ ਕੇਵੀਕੇ ਫਾਰਮ ਉਤੇ ਪਰਾਲੀ ਪ੍ਰਬੰਧਨ ਵਿਸ਼ੇ ਉਤੇ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ।
ਇਹ ਗਤੀਵਿਧੀ ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਸਤਬੀਰ ਸਿੰਘ ਦੇ ਮਾਰਗਦਰਸ਼ਨ ਹੇਠ ਆਯੋਜਿਤ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਰੋਪੜ ਦੇ 48 ਉਤਸ਼ਾਹੀ ਕਿਸਾਨਾਂ ਨੇ ਭਾਗ ਲਿਆ। ਇਸ ਦੌਰਾਨ, ਕੇ.ਵੀ.ਕੇ ਦੇ ਲਰਨਿੰਗ ਪਲੇਟਫਾਰਮ ਉਤੇ ਜ਼ੀਰੋ ਟਿੱਲ ਡ੍ਰਿਲ, ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਅਤੇ ਸਰਫੇਸ ਸੀਡਰ ਸਮੇਤ ਵੱਖ-ਵੱਖ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਦੀ ਨਮੂਨਾਵਾਰ ਫ਼ਸਲ ਪ੍ਰਦਰਸ਼ਨੀ ਦਿਖਾਈ ਗਈ।
ਇਸ ਮੌਕੇ ਕੇਂਦਰ ਦੇ ਵੱਖ-ਵੱਖ ਵਿਗਿਆਨੀਆਂ ਨੇ ਸਹਾਇਕ ਕਿੱਤਿਆਂ ਵਿੱਚ ਪਰਾਲੀ ਦੀ ਉਪਯੋਗਿਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਕਿਸਾਨਾਂ ਨੇ ਲਰਨਿੰਗ ਪਲੇਟਫਾਰਮ ਦੇ ਨਵੇਕਲੇ ੳੱਦਮ ਦੀ ਸ਼ਲਾਘਾ ਕੀਤੀ, ਜਿਸ ਵਿੱਚ ਸਾਰੀਆਂ ਤਕਨੀਕਾਂ ਨੂੰ ਇੱਕੋ ਥਾਂ ਤੇ ਸਫਲਤਾਪੂਰਵਕ ਢੰਗ ਨਾਲ ਦਰਸਾਇਆ ਗਿਆ ਹੈ।
ਆਪਣੇ ਸਮਾਪਤੀ ਸ਼ਬਦਾਂ ਵਿੱਚ, ਡਾ. ਸਤਬੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਤੋਂ ਸਿੱਖੀ ਜਾਣਕਾਰੀ ਨੂੰ ਆਪਣੇ ਖੇਤਾਂ ਵਿੱਚ ਅਪਨਾਉਣ ਤਾਂ ਜੋ ਪਰਾਲੀ ਦਾ ਪ੍ਰਬੰਧਨ ਵਿਗਿਆਨਕ ਲੀਹਾਂ ਤੇ ਹੋ ਸਕੇ।