ਚੰਡੀਗੜ੍ਹ, 8 ਮਈ:
ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਵਲੋਂ ਪਟਿਆਲਾ ਵਿਖੇ ਵਾਪਰੇ ਸੜਕ ਹਾਦਸਾ ਮਾਮਲੇ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ.ਐਸ.ਪੀ. ਤੋਂ ਰਿਪੋਰਟ ਤਲਬ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕੰਵਰਜੀਤ ਸਿੰਘ ਨੇ ਦੱਸਿਆ ਕਿ ਸਕੂਲੀ ਗੱਡੀ ਦੀ ਟਿੱਪਰ ਨਾਲ ਹੋਈ ਭਿਆਨਕ ਟੱਕਰ ਵਿੱਚ ਡਰਾਈਵਰ ਸਮੇਤ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ, ਇਸ ਮਾਮਲੇ ਸਬੰਧੀ ਕਮਿਸ਼ਨ ਵੱਲੋਂ ਸੂ-ਮੋਟੋ ਨੋਟਿਸ ਲਿਆ ਗਿਆ ਹੈ।
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਡਿਪਟੀ ਕਮਿਸ਼ਨ ਪਟਿਆਲਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਹਾਦਸੇ ਦੌਰਾਨ ਜਖਮੀ ਹੋਏ ਬੱਚਿਆਂ ਦਾ ਹਰ ਸੰਭਵ ਇਲਾਜ ਕਰਵਾਇਆ ਜਾਵੇ ਅਤੇ ਰਿਜਨਲ ਟ੍ਰਾਸਪੋਰਟ ਆਫਸਰ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਸੜਕਾਂ ਤੇ ਚੱਲ ਰਹੇ ਓਵਰਲੋਡ ਟਿੱਪਰਾਂ/ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਸਬੰਧਤ ਸਕੂਲ ਅਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ, ਜੇਕਰ ਸਕੂਲੀ ਵਾਹਨ ਨਿਰਧਾਰਤ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਸਕੂਲੀ ਵਾਹਨ ਚਾਲਕਾਂ ਅਤੇ ਸਕੂਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਸੀਨੀਅਰ ਸੁਪਰੀਡੈਂਟ ਆਫ਼ ਪੁਲਿਸ ਪਟਿਆਲਾ ਨੂੰ ਹਦਾਇਤ ਕੀਤੀ ਗਈ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਟਿੱਪਰ ਦੇ ਡਰਾਈਵਰ ਦੇ ਲਾਈਸੈਂਸ, ਟਿੱਪਰ ਦੇ ਮੁਕੰਮਲ ਦਸਤਾਵੇਜ ਜਿਵੇ ਵੈਲਿਡ ਆਰ.ਸੀ. ਫਿੱਟਨੈਸ ਤੋਂ ਇਲਾਵਾ ਸਰਕਾਰ ਵੱਲੋਂ ਜਾਰੀ ਮਾਈਨਿੰਗ ਪਾਲਿਸੀ ਦੀਆਂ ਸ਼ਰਤਾਂ ਤਹਿਤ ਸੜਕ ਦੇ ਚੱਲਣ, ਓਵਰ ਲੋਡ ਆਦਿ ਦੀ ਗਹਿਰਾਈ ਨਾਲ ਮੁਕੰਮਲ ਤਫਤੀਸ਼ ਕਰਕੇ ਟਿੱਪਰ ਮਾਲਕ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਅਤੇ ਐਸ ਐਸ ਪੀ ਪਟਿਆਲਾ ਤੋਂ ਇਸ ਸਬੰਧੀ ਕਾਰਵਾਈ ਦੀ ਰਿਪੋਰਟ 11.05.2025 ਤਲਬ ਕੀਤੀ ਗਈ ਹੈ।