ਹਰੇਕ ਵਰਗ ਦੇ ਯੋਗ ਵੋਟਰ ਦੀ ਵੋਟਿੰਗ ਵਿੱਚ ਸ਼ਮੂਲੀਅਤ ਬਣਾਈ ਜਾਵੇਗੀ ਯਕੀਨੀ- ਐਸ ਡੀ ਐਮ ਸਵਾਤੀ

Moga

ਮੋਗਾ 28 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)- ਕਮ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲਾਂ ਵਿੱਚ ਰੌਚਿਕ ਢੰਗਾਂ ਨਾਲ ਸਵੀਪ ਗਤੀਵਿਧੀਆਂ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਸਕੂਲੀ ਵਿਦਿਆਰਥੀ ਉਤਸ਼ਾਹ ਨਾਲ ਹਿੱਸਾ ਲੈ ਕੇ ਵੋਟਰਾਂ ਨੂੰ ਵੋਟ ਦੇ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦਾ ਸੁਨੇਹਾ ਦੇ ਰਹੇ ਹਨ।
ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਨਿਹਾਲ ਸਿੰਘ ਵਾਲਾ ਸਵਾਤੀ ਦੀ ਪ੍ਰਧਾਨਗੀ ਹੇਠ  ਬਲਾਕ ਦੇ ਸਮੂਹ ਸਰਕਾਰੀ ਪ੍ਰਾਈਵੇਟ ਸਕੂਲਾ ਵਿਚ ਰੰਗੋਲੀ ਮੁਕਾਬਲੇ,ਭੰਡ ਮੁਕਾਬਲੇ, ਮਹਿੰਦੀ ਮੁਕਾਬਲੇ ,ਭਾਸ਼ਨ ਮੁਕਾਬਲੇ ਕਰਵਾਏ ਗਏ। ਇਹਨਾਂ ਵਿੱਚ ਅਵਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਟੇਸ਼ਨਰੀ ਦਾ ਸਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਐਸ ਡੀ ਐਮ ਸਵਾਤੀ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਜਰੀਏ ਹਰ ਇੱਕ ਯੋਗ ਨਾਗਰਿਕ ਨੂੰ ਆਪਣੀ ਵੋਟ ਦੇ ਇਸਤੇਮਾਲ ਕਰਨ ਬਾਰੇ ਜਾਗਰੂਕ ਕਰਨ ਲਈ ਸਵੀਪ ਟੀਮ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਜਾ ਰਹੀਆਂ ਹਨ।  ਉਹਨਾਂ ਦੱਸਿਆ ਦਿਵੀਆਂਗ ਵੋਟਰਾਂ ਲਈ ਸਹਾਈ ਸਕਸ਼ਮ ਐਪ, ਵੋਟਰ ਹੈਲਪ ਲਾਈਨ ਐਪ, ਸੀ ਵਿਜਲ ਐਪ ਬਾਰੇ ਪੂਰਨ ਜਾਣਕਾਰੀ ਵੋਟਰਾਂ ਤੱਕ ਪਹੁੰਚਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਨਿਰਦੇਸ਼ਾਂ ਤਹਿਤ ਹਰ ਵਰਗ ਦੇ ਯੋਗ ਨਾਗਰਿਕ ਦੀ ਵੋਟਿੰਗ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਜਿਸਦੇ ਨਤੀਜੇ ਸਾਰਥਕ ਹੀ ਹੋਣਗੇ। ਇਸ ਵਾਰ ਵੋਟ ਫ਼ੀਸਦੀ ਸੱਤਰ ਤੋਂ ਪਾਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ , ਸਵੀਪ ਟੀਮਾਂ ਆਮ ਲੋਕਾਂ ਦੇ ਘਰਾਂ, ਪਿੰਡਾਂ, ਬਲਾਕਾਂ ਆਦਿ ਤੱਕ ਪਹੁੰਚ ਕਰਕੇ ਜਾਗਰੂਕਤਾ ਫੈਲਾਅ ਰਹੀਆਂ ਹਨ।