ਪੰਚਾਇਤੀ ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ, ਮਾਲਵਿੰਦਰ ਜੱਗੀ

Politics Punjab Sri Muktsar Sahib

ਸ੍ਰੀ ਮੁਕਤਸਰ ਸਾਹਿਬ, 7 ਅਕਤੂਬਰ

ਜ਼ਿਲ੍ਹੇ ਵਿੱਚ ਪੈਂਦੀਆਂ ਸਾਰੀਆਂ 269 ਗ੍ਰਾਮ ਪੰਚਾਇਤਾਂ ਵਿੱਚ ਬਿਨ੍ਹਾਂ ਕਿਸੇ ਵਿਘਨ ਅਤੇ ਪੂਰੀ ਪਾਰਦਰਸ਼ਤਾ ਨਾਲ ਪੰਚਾਇਤੀ ਚੋਣਾਂ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਾਈਆਂ ਜਾਣਗੀਆਂ, ਜਿਸ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ, ਸ੍ਰੀ ਮਾਲਵਿੰਦਰ ਸਿੰਘ ਜੱਗੀ ਨੇ ਅੱਜ ਬਤੌਰ ਚੋਣ ਅਬਜ਼ਰਵਰ ਵਜੋਂ ਨਿਯੁਕਤੀ ਹੋਣ ਉਪਰੰਤ ਚੋਣ ਅਮਲੇ ਦੇ ਨੁਮਾਂਇੰਦਿਆਂ ਨਾਲ ਬੈਠਕ ਦੌਰਾਨ ਕੀਤਾ।

            ਇਸ ਮੌਕੇ ਬੋਲਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਸੰਬੋਧਿਤ ਹੁੰਦੇ ਕਿਹਾ ਕਿ ਪਿੰਡਾਂ ਦੀ ਨੁਹਾਰ ਨੂੰ ਬਦਲਣ ਲਈ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਪੰਚਾਇਤੀ ਚੋਣਾਂ ਇੱਕ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ।

ਉਨ੍ਹਾਂ ਚੋਣ ਅਮਲੇ ਨੂੰ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਪੱਖ ਨੂੰ ਚੰਗੀ ਤਰ੍ਹਾਂ ਘੋਖ ਕੇ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਪਿੰਡਾਂ ਵਿੱਚ ਕਿਸੇ ਵੀ ਧਿਰ ਨਾਲ ਨਾਇਨਸਾਫੀ ਦੀ ਕੋਈ ਗੁਜਾਇਸ਼ ਨਾ ਰਹਿ ਸਕੇ।

          ਪਿਛਲੇ ਕੁਝ ਸਾਲਾਂ ਦੌਰਾਨ ਕਈ ਪਿੰਡਾਂ ਵਿੱਚ ਆਮ ਤੌਰ ’ਤੇ ਧੜੇਬੰਦੀ ਕਾਰਨ ਛੋਟੀ-ਮੋਟੀ ਲਾਗਡਾਟ ਜਾਂ ਰੰਜਿਸ਼ ਕਾਰਨ ਵੱਡੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਹੋਣ ਦੀਆਂ ਖਬਰਾਂ ਦੇ ਚਲਦਿਆਂ ਸ. ਜੱਗੀ ਨੇ ਕਿਹਾ ਕਿ ਪ੍ਰਾਪਤ ਹੋਣ ਵਾਲੀਆਂ ਸੂਚਨਾਵਾਂ ਅਤੇ ਸ਼ਿਕਾਇਤਾਂ ਵੱਲ ਖਾਸ ਤਵੱਜੋ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਕਿਸੇ ਵੀ ਬਾਸ਼ਿੰਦੇ ਕੋਲ ਸ਼ਾਂਤੀ ਭੰਗ ਕਰਨ ਸਬੰਧੀ ਜਾਂ ਧੱਕੇਸ਼ਾਹੀ ਖਿਲਾਫ ਪੁਖਤਾ ਸਬੂਤਾਂ ਸਮੇਤ ਕੋਈ ਜਾਣਕਾਰੀ ਉਪਲੱਬਧ ਹੋਵੇ ਤਾਂ ਉਨ੍ਹਾਂ ਨਾਲ ਕੋਈ ਵੀ ਪਿੰਡ ਵਾਸੀ ਸਿੱਧੇ ਤੌਰ ’ਤੇ ਰਾਬਤਾ ਕਾਇਮ ਕਰਨ ਵਿੱਚ ਜ਼ਰਾ ਵੀ ਸੰਕੋਚ ਨਾ ਕਰੇ।

ਹਰ ਨਾਗਰਿਕ ਨਾਲ ਆਪਣਾ ਸੰਪਰਕ ਨੰਬਰ 90418-00417 ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਇਸ ਨੰਬਰ ’ਤੇ ਕੋਈ ਸਚਮੁੱਚ ਲੋੜਵੰਦ ਵਿਅਕਤੀ ਸੰਪਰਕ ਕਰਨੋ ਖੁੰਝ ਜਾਂਦਾ ਹੈ ਤਾਂ ਉਸਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਉਹ ਤੁਰੰਤ ਉਨ੍ਹਾਂ ਦੇ ਲਾਈਜ਼ਨ ਅਫ਼ਸਰ ਸ੍ਰੀ ਨਰਿੰਦਰ ਕੁਮਾਰ ਦੇ ਮੋਬਾਇਲ ਨੰਬਰ 96467-10073 ’ਤੇ ਸੰਪਰਕ ਸਾਧ ਸਕਦਾ ਹੈ।

ਚੋਣ ਅਮਲੇ ਅਤੇ ਅਧਿਕਾਰੀਆਂ ਨਾਲ ਸਾਰਾ ਦਿਨ ਚੱਲੀ ਬੈਠਕ ਉਪਰੰਤ ਸ. ਜੱਗੀ ਉਚੇਚੇ ਤੌਰ ’ਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਨਤਮਸਤਕ ਹੋਣ ਵੀ ਪਹੁੰਚੇ, ਜਿੱਥੇ ਉਨ੍ਹਾਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਬਿਨ੍ਹਾਂ ਕਿਸੇ ਡਰ, ਭੈਅ, ਲੜਾਈ ਝਗੜੇ ਦੇ ਮੁਕੰਮਲ ਤੌਰ ’ਤੇ ਸ਼ਾਂਤਮਈ ਢੰਗ ਨਾਲ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਇਸ ਮੌਕੇ ਡਿਪਟੀ ਕਮਸ਼ਿਨਰ ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਸੁਰਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਗਿੱਦੜਬਾਹਾ ਸ੍ਰੀ ਜਸਪਾਲ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਗੁਰਦੀਪ ਸਿੰਘ ਮਾਨ ਵਿਸ਼ੇਸ਼ ਤੋਰ ’ਤੇ ਹਾਜ਼ਰ ਰਹੇ।