ਫ਼ਿਰੋਜ਼ਪੁਰ 5 ਅਕਤੂਬਰ 2024 :
ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਕਰਵਾਈਆਂ ਜਾਣਗੀਆਂ। ਇਹ ਪ੍ਰਗਟਾਵਾ ਪੰਜਾਬ ਚੋਣ ਕਮਿਸ਼ਨ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਲਈ ਨਿਯੁਕਤ ਚੋਣ ਅਬਜਰਵਰ ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਵੱਲੋਂ ਮਾਰਕਿਟ ਕਮੇਟੀ ਮਮਦੋਟ, ਸ਼ਹੀਦ ਆਰ. ਕੇ. ਵਧਵਾ ਸੀ.ਸੈ. ਸਰਕਾਰੀ ਸਕੂਲ (ਲੜਕੇ) ਮਮਦੋਟ, ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਨਾਮਜ਼ਦਗ਼ੀ (ਨੋਮੀਨੇਸ਼ਨ) ਕੇਂਦਰਾਂ ਦਾ ਦੌਰਾ ਕਰਕੇ ਫਾਇਲਾਂ ਦੀ ਚੱਲ ਰਹੀ ਪੜਤਾਲ ਦਾ ਨਿਰੀਖਣ ਕਰਨ ਉਪਰੰਤ ਕੀਤਾ ਗਿਆ।
ਜ਼ਿਲ੍ਹਾ ਚੋਣ ਓਬਜਰਵਰ ਡੀ.ਪੀ.ਐਸ. ਖਰਬੰਦਾ ਨੇ ਵੱਖ-ਵੱਖ ਕੇਂਦਰਾਂ ਵਿੱਚ ਚੋਣ ਡਿਊਟੀ ਨਿਭਾ ਰਹੇ ਅਧਿਕਾਰੀਆਂ/ਕਰਮਚਾਰੀਆਂ ਨਾਲ ਸੁਚੱਜੇ ਢੰਗ ਨਾਲ ਚੋਣਾਂ ਕਰਾਉਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਸਮੁੱਚੇ ਚੋਣ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਚੋਣ ਡਿਊਟੀ ਨਿਭਾ ਰਹੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਮੌਕੇ ‘ਤੇ ਹੀ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਲਈ ਆਦੇਸ਼ ਦਿੱਤੇ। ਉਨ੍ਹਾਂ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਤੇ ਸਮੂਹ ਬੀ.ਡੀ.ਪੀ.ਓਜ. ਨੂੰ ਪੜਤਾਲ ਦੇ ਕੰਮ ਵਿੱਚ ਤੇਜੀ ਲਿਆਉਣ ਦੇ ਆਦੇਸ਼ ਦਿੱਤੇ ਤਾਂ ਕਿ ਇਸ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਐਸ.ਐਸ.ਪੀ. ਸੌਮਿਆ ਮਿਸ਼ਰਾ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਸੁਰੱਖਿਅਤ ਤੇ ਭੈ-ਰਹਿਤ ਚੋਣਾਂ ਕਰਾਉਣ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਦੁਹਰਾਇਆ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਮੋਬਾਇਲ ਨੰਬਰ 90418-93299 ਜਾਂ ਫਿਰ ਈਮੇਲ ਆਈ.ਡੀ. observergrampanchayat@gmail.com ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
ਇਸ ਮੌਕੇ ਡਿਪਟੀ ਡੀਈਓ ਡਾ. ਸਤਿੰਦਰ ਸਿੰਘ (ਲਾਇਜ਼ਨ ਅਫ਼ਸਰ), ਸਕੱਤਰ ਰੈੱਡ ਕਰਾਸ ਸ਼੍ਰੀ ਅਸ਼ੋਕ ਬਹਿਲ, ਸ਼੍ਰੀ ਅਮਨਦੀਪ ਗੋਇਲ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਅਤੇ ਸ਼੍ਰੀ ਸੰਦੀਪ ਕਟੋਚ ਵੀ ਹਾਜ਼ਰ ਸਨ।