ਬੁਢਲਾਡਾ/ਮਾਨਸਾ, 03 ਨਵੰਬਰ:
ਕਿਸਾਨਾਂ ਦੀ ਮਿਹਨਤ ਨਾਲ ਪਾਲੀ ਹੋਈ ਝੋਨੇ ਦੀ ਫਸਲ ਦੀ ਖ਼ਰੀਦ ਅਤੇ ਸਟੋਰ ਕਰਨ ਸਬੰਧੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਕੀਤਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿਚ ਤਿੰਨ ਮਾਰਕੀਟ ਕਮੇਟੀਆਂ ਹਨ ਜਿੰਨ੍ਹਾਂ ਵਿੱਚੋਂ ਮੁੱਖ ਅਨਾਜ ਮੰਡੀਆਂ ਬੁਢਲਾਡਾ, ਬਰੇਟਾ ਅਤੇ ਬੋਹਾ ਹਨ l ਇਸ ਤੋਂ ਇਲਾਵਾ ਇਨ੍ਹਾਂ ਮਾਰਕੀਟ ਕਮੇਟੀਆਂ ਦੇ ਅਧੀਨ ਵੱਖ ਵੱਖ ਪਿੰਡਾਂ ਵਿੱਚ ਖਰੀਦ ਕੇਂਦਰ ਵੀ ਹਨ।
ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰਾਂ ਵਿੱਚ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ, ਖਰੀਦ ਏਜੰਸੀਆਂ, ਟਰੱਕ ਯੂਨੀਅਨਾਂ, ਪੱਲੇਦਾਰਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਫਸਲ ਦੀ ਆਮਦ, ਖਰੀਦ ਅਤੇ ਲਿਫਟਿੰਗ ਦਾ ਕੰਮ ਉਨ੍ਹਾਂ ਵੱਲੋਂ ਖੁਦ ਅਤੇ ਤਿੰਨਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਬੁਢਲਾਡਾ, ਰਣਜੀਤ ਸਿੰਘ ਫਰੀਦਕੇ ਬੋਹਾ ਅਤੇ ਚਮਕੌਰ ਸਿੰਘ ਖੁਡਾਲ ਬਰੇਟਾ ਮੰਡੀ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਮਾਰਕੀਟ ਕਮੇਟੀ ਬੁਢਲਾਡਾ ਨਾਲ ਸਬੰਧਿਤ ਮੰਡੀ ਅਤੇ ਖਰੀਦ ਕੇਂਦਰਾਂ ਵਿੱਚ 02 ਨਵੰਬਰ ਤੱਕ 60260 ਟਨ ਜੀਰੀ ਦੀ ਫਸਲ ਆਮਦ ਹੋਈ ਜਿਸ ਵਿੱਚੋਂ 50995 ਟਨ ਖਰੀਦ ਕੀਤੀ ਗਈ ਅਤੇ ਲਿਫਟਿੰਗ 80% ਹੋ ਗਈ ਹੈ। ਮਾਰਕੀਟ ਕਮੇਟੀ ਬੋਹਾ ਨਾਲ ਸਬੰਧਿਤ ਖਰੀਦ ਕੇਂਦਰਾਂ ਵਿੱਚ 21810 ਟਨ ਫਸਲ ਦੀ ਆਮਦ ਹੋਈ ਜਿਸ ਵਿੱਚੋਂ 18776 ਟਨ ਦੀ ਖਰੀਦ ਹੋਈ ਅਤੇ 85% ਲਿਫਟਿੰਗ ਹੋਈ। ਮਾਰਕੀਟ ਕਮੇਟੀ ਬਰੇਟਾ ਨਾਲ ਸਬੰਧਿਤ ਖ਼ਰੀਦ ਕੇਂਦਰਾਂ ਵਿੱਚ 33280 ਟਨ ਫਸਲ ਆਮਦ ਹੋਈ ਅਤੇ 30484 ਟਨ ਖਰੀਦ ਹੋਈ ਅਤੇ 70% ਲਿਫਟਿੰਗ ਹੋਈ।
ਵਿਧਾਇਕ ਨੇ ਦੱਸਿਆ ਕਿ ਫਸਲ ਖਰੀਦ ਹੋਣ ਉਪਰੰਤ ਕਿਸਾਨਾਂ ਦੇ ਖਾਤਿਆਂ ਵਿੱਚ ਅਦਾਇਗੀ ਦੀ ਰਕਮ ਨਾਲ ਦੀ ਨਾਲ ਭੇਜੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਖਰੀਦ ਦੇ ਅਤੇ ਲਿਫਟਿੰਗ ਦੇ ਕੰਮ ਨੂੰ ਹੋਰ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ ਗਏ ਹਨ ਤਾਂ ਜੋ ਕਿਸਾਨ ਵੇਲੇ ਸਿਰ ਕਣਕ ਦੀ ਬਿਜਾਈ ਕਰ ਸਕਣ।
ਇਸ ਮੌਕੇ ਹਲਕੇ ਦੀਆਂ ਤਿੰਨੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਸਤੀਸ਼ ਸਿੰਗਲਾ, ਰਣਜੀਤ ਸਿੰਘ ਫਰੀਦਕੇ, ਚਮਕੌਰ ਸਿੰਘ ਖੁਡਾਲ, ਟਰੇਡ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਲਲਿਤ ਸੈਂਟੀ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜ਼ਿਲ੍ਹਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ, ਕੁਲਵੰਤ ਸਿੰਘ ਸ਼ੇਰਖਾਂ ਵਾਲਾ, ਕੇਵਲ ਸ਼ਰਮਾ ਆਦਿ ਹਾਜ਼ਰ ਸਨ ।
ਬੁਢਲਾਡਾ ਵਿਖੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਤਸੱਲੀਬਖਸ਼-ਵਿਧਾਇਕ ਬੁੱਧ ਰਾਮ


