ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਨਾਲ ਵਿਸ਼ੇਸ਼ ਮੀਟਿੰਗ ਦਾ ਆਯੋਜਨ

Politics Punjab Sri Muktsar Sahib

ਸ਼੍ਰੀ ਮੁਕਤਸਰ ਸਾਹਿਬ  11 ਦਸੰਬਰ

         ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾਂ ਸਬੰਧੀ ਸ੍ਰੀ ਰਾਜੇਸ਼ ਤ੍ਰਿਪਾਠੀ  ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ।

         ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਮਾਘੀ ਦਾ ਮੇਲਾ ਇੱਕ ਪਵਿੱਤਰ ਤੇ ਇਤਿਹਾਸਕ ਮੇਲਾ ਹੈ ਅਤੇ ਇਸ ਮੇਲੇ ਨੂੰ ਸਫਲ ਬਨਾਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਮਾਘੀ ਦੇ ਮੇਲੇ ਦੌਰਾਨ ਸ਼ਹਿਰ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਜਾਵੇਗਾ ਹੈ ਅਤੇ ਹਰ ਸੈਕਟਰ ਵਿੱਚ ਨੋਡਲ ਅਫਸਰ ਲਗਾਇਆ ਜਾਵੇ ਅਤੇ ਇਹਨਾਂ ਸੈਕਟਰਾਂ ਵਿੱਚ ਜੇ.ਈ., ਐਸ.ਡੀ.ਓ., ਨਗਰ ਕੌਂਸਲ, ਜਨ ਸਿਹਤ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਸੰਗਤਾਂ ਦੀ ਸਹੂਲਤ ਲਈ ਲਗਾਈਆਂ ਜਾਣਗੀਆਂ।

ਉਨ੍ਹਾਂ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਲੱਗਦੇ ਸਾਰੇ ਗੇਟਾਂ ਦੀ ਅਤੇ ਸ਼ਹਿਰ ਦੀ ਸਮੁੱਚੀ ਸਫਾਈ ਤੇ ਨਜਾਇਜ਼ ਕਬਜਿਆਂ ਹਟਵਾਏ ਜਾਣ ਅਤੇ  ਜਿਨ੍ਹਾਂ ਥਾਵਾ ’ਤੇ ਲੰਗਰ ਲਗਾਏ ਜਾਣਗੇ ਹਨ, ਉਨ੍ਹਾਂ ਥਾਵੇ ’ਤੇ ਵਰਤੋਂ ਵਿੱਚ ਆਉਣ ਵਾਲੇ ਬਰਤਨ ਪਲਾਸਟਿਕ ਮੁਕਤ ਹੋਣ ਤਾਂ ਜੋ ਇਤਿਹਾਸਕ ਮਾਘੀ ਮੇਲਾ ਇਸ ਵਾਰ ਪਲਾਸਟਿਕ ਮੁਕਤ ਰੱਖਣ ਦਾ ਟੀਚਾ ਪੂਰਾ ਹੋ ਸਕੇ।

ਉਨ੍ਹਾਂ ਜਨ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸੀਵਰੇਜ ਦੀ ਸਮੱਸਿਆ ਅਤੇ ਆਰਜੀ ਪਖਾਨਿਆਂ ਦੇ ਪ੍ਰਬੰਧ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਤਕਲੀਫ ਪੇਸ਼ ਨਾ ਆਉਣ ਦਿੱਤੀ ਜਾਵੇ ।

ਉਨ੍ਹਾਂ ਮਾਰਕਫੈਡ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਸਵਾਗਤੀ ਗੇਟਾਂ ਦੀ ਮੁਰੰਮਤ ਕਰਵਾਕੇ ਸਫਾਈ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਫੁੱਲਾਂ ਅਤੇ ਲੜੀਆਂ ਆਦਿ ਨਾਲ ਸਜਾਇਆ ਜਾਵੇ।

ਉਨ੍ਹਾਂ ਮਾਲ ਵਿਭਾਗ ਨੂੰ ਹਦਾਇਤ ਕੀਤੀ ਕਿ ਮਾਘੀ ਮੇਲੇ ਦੌਰਾਨ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਯਕੀਨੀ ਬਣਾਏ ਜਾਣ ਤਾਂ ਜੋ ਭੀੜ ਵਾਲੀਆਂ ਥਾਵਾਂ ’ਤੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਨਜ਼ਰ ਰੱਖੀ ਜਾ ਸਕੇ।

ਉਹਨਾਂ ਬੀ.ਐਂਡ ਆਰ (ਸੜਕਾਂ), ਮੰਡੀ ਬੋਰਡ ਅਤੇ ਨਗਰ ਕੌਸਲ ਨੂੰ ਹਦਾਇਤਾਂ ਕੀਤੀ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਵਿੱਚ ਪਾਰਕਿੰਗ ਲਈ

ਢੁਕਵੀਆਂ ਥਾਵਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਇਸ ਦੀ ਸੂਚਨਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।

                   ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਸੰਗਤਾਂ ਦੀ ਸਹੂਲਤ ਲਈ ਸਿਵਿਲ ਕੰਟਰੋਲ ਰੂਮ ਡਿਪਟੀ ਕਮਿਸ਼ਨਰ ਦਫਤਰ ਵਿਖੇ, ਜਦਕਿ ਪੁਲਿਸ ਕੰਟਰੋਲ ਰੂਮ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਜਾਵੇਗਾ।

                   ਇਸ ਮੌਕੇ ਸ੍ਰੀ ਗੁਰਦਰਸ਼ਨ ਲਾਲ ਕੁੰਡਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਸਪਾਲ ਸਿੰਘ ਐਸ ਡੀ ਐਮ ਗਿੱਦੜਬਾਹਾ, ਡਾ. ਨਰੇਸ਼ ਪਰੂਥੀ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।