ਫਰੀਦਕੋਟ 12 ਜੂਨ , ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਮਿਤੀ 8 ਜੁਲਾਈ ਤੋਂ 12 ਜੁਲਾਈ ਤੱਕ 05 ਦਿਨਾਂ ਦਾ ‘ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ’ ਸਬੰਧੀ ਸਿਖਲਾਈ ਕੋਰਸ ਲਗਾਇਆ ਗਿਆ। ਇਸ ਕੋਰਸ ਵਿੱਚ ਪਿੰਡ ਘੁਗਿਆਣਾ, ਬੇਗੂਵਾਲਾ, ਚੁੱਘਾ ਸਿੰਘ ਨਗਰ, ਜਲਾਲੇਆਣਾ, ਡੱਲੇਵਾਲਾ, ਫਿੱਡੇ ਖੁਰਦ ਅਤੇ ਫਰੀਦਕੋਟ ਤੋਂ 24 ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ।
ਇਸ ਮੌਕੇ ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਫਰੀਦਕੋਟ ਵਿਖੇ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਇਸ ਕੋਰਸ ਦੌਰਾਨ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਦੀ ਮਹੱਤਤਾ ਅਤੇ ਇਸ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਬਾਰੇ ਵਿਸਥਾਰ ਸਹਿਤ ਦੱਸਿਆ। ਉਨ੍ਹਾਂ ਦੱਸਿਆ ਕਿ ਮੌਸਮ ਦੌਰਾਨ ਫਲਾਂ ਅਤੇ ਸਬਜ਼ੀਆਂ ਦੇ ਮੁੱਲ ਘੱਟ ਹੋਣ ਕਾਰਨ ਉਸ ਸਮੇਂ ਉਹਨਾਂ ਦੇ ਵੱਖ-ਵੱਖ ਉਤਪਾਦ ਜਿਵੇਂ ਆਚਾਰ, ਚਟਣੀਆਂ, ਸੁਕੈਸ਼, ਜੈਮ, ਮੁਰੱਬਾ ਆਦਿ ਬਣਾ ਕੇ ਲੰਮੇ ਸਮੇਂ ਤੱਕ ਖਰਾਬ ਹੋਣ ਤੋਂ ਬਚਾਅ ਸਕਦੇ ਹਾਂ। ਉਨ੍ਹਾਂ ਇਸ ਧੰਦੇ ਨੂੰ ਆਮਦਨ ਵਧਾਉਣ ਦੇ ਵਸੀਲੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਇਹ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ ਅਤੇ ਇਸ ਨੂੰ ਘਰ ਤੋਂ ਹੀ ਬਹੁਤ ਘੱਟ ਖਰਚੇ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ ।
ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਨੇ ਮੌਸਮੀ ਫਲਾਂ ਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਟਮਾਟਰ ਚਟਣੀ, ਮਿਕਸ ਫਰੂਟ ਜੈਮ, ਗੁਲਾਬ ਸ਼ਰਬਤ, ਟਮਾਟਰ ਕੈੱਚਅਪ, ਲਸਣ ਦਾ ਆਚਾਰ ਤਿਆਰ ਕਰਨ ਸਬੰਧੀ ਸਿਖਲਾਈ ਦਿੱਤੀ। ਅੰਬਾਂ ਦਾ ਸੀਜ਼ਨ ਹੋਣ ਕਰਕੇ ਇਸ ਤੋਂ ਬਣਨ ਵਾਲੇ ਉਤਪਾਦ ਜਿਸ ਤਰ੍ਹਾਂ ਮੈਂਗੋ ਫ਼ਰੂਟੀ, ਅੰਬ ਦੀ ਚਟਣੀ, ਮੈਂਗੋ ਪੰਨਾ, ਮੈਂਗੋ ਜੈਮ ਅਤੇ ਅੰਬ ਦਾ ਆਚਾਰ ਤਿਆਰ ਕਰਵਾਏ ਗਏ। ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ ਕਿੱਤਾ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਕੇ.ਵੀ.ਕੇ ਵੱਲੋਂ ਹਰ ਸੰਭਵ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਸਿਖਿਆਰਥੀਆਂ ਨੇ ਬਹੁਤ ਦਿਲਚਸਪੀ ਅਤੇ ਉਤਸ਼ਾਹ ਨਾਲ ਸਿਖਲਾਈ ਲਈ ਅਤੇ ਇਸ ਨੂੰ ਘਰੇਲੂ ਪੱਧਰ ਤੇ ਅਪਣਾਉਣ ਦਾ ਭਰੋਸਾ ਦਿਵਾਇਆ।