ਫਿਰੋਜ਼ਪੁਰ, 14 ਮਾਰਚ 2024:
ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਵਿਸ਼ਵ ਗੁਲਕੋਮਾ ਹਫਤੇ ਦੌਰਾਨ ਅੱਖਾਂ ਦੀ ਜਾਂਚ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਅੱਖਾਂ ਦੇ ਸਰਜਨ ਡਾ. ਦੀਕਸ਼ਿਤ ਸਿੰਗਲਾ ਨੇ ਦੱਸਿਆ ਕਿ 10 ਤੋਂ 16 ਮਾਰਚ ਤੱਕ ਵਿਸ਼ਵ ਗੁਲਕੋਮਾ ਹਫਤਾ ਮਨਾਇਆ ਜਾ ਰਿਹਾ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ‘ਚ ਗੁਲਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇਕ ਮੁੱਖ ਕਾਰਨ ਹੈ।
ਗੁਲਕੋਮਾ ਦੇ ਲੱਛਣਾਂ ਬਾਰੇ ਦੱਸਦਿਆ ਉਨ੍ਹਾਂ ਕਿਹਾ ਕਿ ਅਸਾਧਾਰਨ ਸਿਰ ਦਰਦ ਜਾਂ ਅੱਖਾਂ ‘ਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਨਜ਼ਰ ਦੇ ਖੇਤਰ ਦਾ ਸੀਮਤ ਹੋਣਾ ਆਦਿ ਇਸ ਦੇ ਮੁੱਖ ਲੱਛਣ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਗੁਲਕੋਮਾ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ। ਇਸ ਮੌਕੇ ਹਸਪਤਾਲ ‘ਚ ਆਏ ਮਰੀਜ਼ਾਂ ਨੂੰ ਚੈਕ ਕਰਨ ਉਪਰੰਤ ਅਪਥੈਲਮਿਕ ਅਫਸਰ ਸੰਦੀਪ ਬਜਾਜ ਨੇ ਦੱਸਿਆ ਕਿ ਜੇਕਰ ਤੁਹਾਡਾ ਕੋਈ ਰਿਸ਼ਤੇਦਾਰ, ਗਵਾਂਢੀ ਜਾਂ ਜਾਣਕਾਰ ਗੁਲਕੋਮਾ ਨਾਲ ਪੀੜਤ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਤੋਂ ਜਾਂਚ ਕਰਵਾਉਣ ਦੀ ਸਲਾਹ ਦਿਓ ਤਾਂ ਕਿ ਸਮਾਂ ਰਹਿੰਦਿਆਂ ਉਸ ਦੀ ਅੱਖਾਂ ਦੀ ਰੋਸ਼ਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫਸਰ ਸੰਦੀਪ, ਨਰਸਿੰਗ ਸਿਸਟਰ ਸੁਰੇਸ਼ਟਾ ਅਤੇ ਅੰਕੁਸ਼ ਹਾਜ਼ਰ ਸਨ।