ਸ੍ਰੀ ਮੁਕਤਸਰ ਸਾਹਿਬ 2 ਅਪ੍ਰੈਲ
ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਪਿਛਲੇ ਦਿਨੀ ਹੋਈਆਂ ਬੇਮੌਸਮੀ ਬਾਰਿਸ਼ਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੜੇਮਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਜਿਲੇ ਦੇ ਕੁਝ ਇਲਾਕਿਆਂ ਵਿੱਚ ਕਣਕ ਦੀ ਖੜੀ ਫਸਲ ਨੂੰ ਨੁਕਸਾਨ ਪੁੱਜਿਆ ਹੈ ਅਤੇ ਇਸ ਦਾ ਜਾਇਜਾ ਲੈਣ ਲਈ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਉਹਨਾਂ ਨੇ ਮਾਲ ਵਿਭਾਗ ਦੇ ਸਟਾਫ ਨੂੰ ਕਿਹਾ ਹੈ ਕਿ ਇਹ ਗਿਰਦਾਵਰੀ ਨਿਯਮਾਂ ਅਨੁਸਾਰ ਕੀਤੀ ਜਾਵੇ ਅਤੇ ਇਸ ਦੀ ਪੁਨਰ ਪੜਤਾਲ ਜੇ ਫਾਰਮਾ ਨਾਲ ਵੀ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਫੀਲਡ ਕਾਨੂਗੋ 100 ਫੀਸਦੀ, ਸਰਕਲ ਮਾਲ ਅਫਸਰ 50 ਫੀਸਦੀ ਅਤੇ ਉਪਮੰਡਲ ਮੈਜਿਸਟਰੇਟ 25 ਫੀਸਦੀ ਕੀਤੇ ਕੰਮ ਦੀ ਪੜਤਾਲ ਕਰਨਗੇ। ਇਹ ਗਿਰਦਾਵਰੀ ਇੱਕ ਹਫਤੇ ਦੇ ਅੰਦਰ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਸ ਸਪੈਸ਼ਲ ਗਿਰਦਾਵਰੀ ਸਮੇਂ ਪਟਵਾਰੀ ਦੇ ਨਾਲ ਸੰਬੰਧਿਤ ਖੇਤੀਬਾੜੀ ਵਿਕਾਸ ਅਫਸਰ ਵੀ ਮੌਕੇ ਤੇ ਜਾਣਗੇ ਤਾਂ ਜੋ ਸਾਂਝੀ ਗਿਰਦਾਵਰੀ ਕਰਕੇ ਰਿਪੋਰਟ ਤਿਆਰ ਕੀਤੀ ਜਾ ਸਕੇ । ਉਹਨਾਂ ਸਪਸ਼ਟ ਕੀਤਾ ਕਿ ਚੋਣ ਜਾਬਤਾ ਲੱਗੇ ਹੋਣ ਕਰਕੇ ਤੁਰੰਤ ਕੋਈ ਮੁਆਵਜੇ ਦੀ ਵੰਡ ਨਹੀਂ ਹੋ ਸਕਦੀ ਅਤੇ ਜੋ ਗਿਰਦਾਵਰੀ ਦੀ ਰਿਪੋਰਟ ਤਿਆਰ ਹੋਵੇਗੀ ਉਸ ਅਨੁਸਾਰ ਚੋਣ ਜਾਬਤਾ ਖਤਮ ਹੋਣ ਤੋਂ ਬਾਅਦ ਹੀ ਵਿਭਾਗੀ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮੀਂਹ ਕਾਰਨ ਫਸਲਾਂ ਦੇ ਹੋਏ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ


