ਜਨਤਕ ਛੱਪੜ ਪੂਰਨ, ਸ਼ਾਮੇਆਣਾ ਲਗਾ ਕੇ ਪ੍ਰੋਗਰਾਮ ਕਰਨ, ਤੀਹਰੀ ਸਵਾਰੀ ਸਮੇਤ ਕਈ ਪਾਬੰਦੀਆਂ ਦੇ ਹੁਕਮ ਜਾਰੀ

Faridkot

ਫਰੀਦਕੋਟ 11 ਜੁਲਾਈ  ( ) ਜਿਲਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਿਲਾ ਫਰੀਦਕੋਟ ‘ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ । ਇਹ ਆਦੇਸ਼ 28 ਅਗਸਤ 2024  ਤੱਕ ਲਾਗੂ ਰਹਿਣਗੇ।

ਪੂਰਵ ਪ੍ਰਵਾਨਗੀ ਲਏ ਬਿਨਾਂ ਜਨਤਕ ਛੱਪੜ ਪੂਰਨ ਤੇ ਪਾਬੰਦੀ

ਜਿਲਾ ਮੈਜਿਸਟ੍ਰੇਟ ਫਰੀਦਕੋਟ ਨੇ ਜਿਲਾ ਫਰੀਦਕੋਟ ਦੇ ਪੇਂਡੂ ਖੇਤਰਾਂ ਵਿੱਚ ਜਨਤਕ ਛੱਪੜ ਪੂਰਨ ਤੇ ਪਾਬੰਦੀ ਲਗਾਈ ਹੈ । ਉਨਾਂ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਆਮ ਲੋਕਾਂ/ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾਂਦਾ ਹੈ ਜਿਸ ਕਰਕੇ ਪਿੰਡਾਂ ਦੇ ਪਾਣੀ ਦਾ ਵਹਾਓ ਰੁਕ ਜਾਂਦਾ ਹੈ ਜਿਸ ਕਾਰਨ ਝਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ । ਜਿਸ ਕਰਕੇ ਇਹ ਪਾਬੰਦੀ ਲਗਾਈ ਗਈ ਹੈ ।ਉਨਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਈ ਵੀ ਵਿਅਕਤੀ/ਪੰਚਾਇਤ ਨਿਮਨ ਹਸਤਾਖਰ,ਸਬੰਧਤ ਉਪ ਮੰਡਲ ਮੈਜਿਸਟ੍ਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਾਸੋਂ ਪੂਰਵ ਪ੍ਰਵਾਨਗੀ ਲਏ ਬਿਨਾਂ ਜਨਤਕ ਛੱਪੜ ਨਹੀਂ ਪੂਰੇਗਾ ।ਇਹ ਪਾਬੰਦੀ 28 ਅਗਸਤ 2024 ਤੱਕ ਲਾਗੂ ਰਹੇਗੀ।

ਧਾਰਮਿਕ ਜਾਂ ਖੁਸ਼ੀ ਆਦਿ ਦੇ ਸਮਾਗਮਾਂ ਸਮੇਂ ਗਲੀ,ਮੁਹੱਲਿਆ ਵਿੱਚ ਸ਼ਾਮੇਆਣਾ ਲਗਾ ਕੇ ਪ੍ਰੋਗਰਾਮ ਕਰਨ ਤੇ ਪਾਬੰਦੀ

ਇਕ ਹੋਰ ਹੁਕਮ ਰਾਹੀਂ ਜਿਲਾ ਫਰੀਦਕੋਟ ਦੀ ਸੀਮਾਵਾਂ ਅੰਦਰ ਲਾਊਡ ਸਪੀਕਰ ਲਾਉਣ ਤੇ ਪਾਬੰਦੀ ਲਗਾਈ ਹੈ । ਇਸ ਦੇ ਨਾਲ ਹੀ ਜਿਲਾ ਫਰੀਦਕੋਟ ਦੇ ਸ਼ਹਿਰੀ ਇਲਾਕਿਆਂ ਵਿੱਚ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਦੀ ਪ੍ਰਵਾਨਗੀ ਲਏ ਬਿਨਾਂ ਗਲੀ,ਮੁਹੱਲਿਆ, ਧਾਰਮਿਕ ਜਾਂ ਖੁਸ਼ੀ ਆਦਿ ਦੇ ਸਮਾਗਮਾਂ ਸਮੇਂ ਪਬਲਿਕ ਸਥਾਨਾਂ ਤੇ ਸ਼ਾਮੇਆਣਾ ਲਗਾ ਕੇ ਕੋਈ ਵੀ ਧਾਰਮਿਕ ਪ੍ਰੋਗਰਾਮ, ਜਲਸੇ, ਰੈਲੀਆਂ ਆਦਿ ਨਹੀਂ ਕਰੇਗਾ ।

ਜਿਲੇ ‘ਚ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ

ਜਿਲਾ ਮੈਜਿਸਟ੍ਰੇਟ ਵੱਲੋਂ ਜਿਲੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੇ ਮੱਦੇਨਜ਼ਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਜਨਤਕ ਅਤੇ ਸਰਕਾਰੀ ਥਾਵਾਂ ਤੇ ਇਕੱਠੇ ਹੋਣ ਜਾਂ ਮੀਟਿੰਗ ਕਰਨ, ਨਾਹਰੇ ਲਾਉਣ, ਜਲਸੇ-ਜਲੂਸ ਅਤੇ ਰੋਸ ਮੁਜਾਹਰੇ ਕਰਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ । ਉਨਾਂ ਦੱਸਿਆ ਕਿ ਸਿਰਫ ਵਿਸ਼ੇਸ਼ ਹਾਲਤਾਂ ਜਾਂ ਮੌਕਿਆਂ ਤੇ ਪ੍ਰਬੰਧਕਾਂ ਵੱਲੋਂ ਲਿਖਤੀ ਬੇਨਤੀ ਕਰਨ ਤੇ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਪਾਸੋ ਲਿਖਤੀ ਪ੍ਰਵਾਨਗੀ ਲੈ ਕੇ ਪਬਲਿਕ ਮੀਟਿੰਗਾਂ ਕਰਨ ਅਤੇ ਧਾਰਮਿਕ ਜਲੂਸ ਬਗੈਰਾ ਪ੍ਰਵਾਨਗੀ ਦੀਆਂ ਸ਼ਰਤਾਂ ਅਨੁਸਾਰ ਹੀ ਕੱਢੇ ਜਾ ਸਕਦੇ ਹਨ । ਇਹ ਹੁਕਮ ਸਰਕਾਰੀ ਡਿਊਟੀ ਕਰ ਰਹੇ ਪੁਲਿਸ, ਹੋਮ ਗਾਰਡਜ਼, ਸੈਨਿਕਾਂ/ ਅਰਧ ਸੈਨਿਕ ਬਲਾਂ ਅਤੇ ਵਿਆਹ ਸ਼ਾਦੀਆਂ ਤੇ ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਜਲੂਸ ਤੇ ਲਾਗੂ ਨਹੀਂ ਹੋਵੇਗਾ ।

ਵਪਾਰਕ ਸਥਾਨਾਂ ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਤੇ ਪਾਬੰਦੀ

ਇਸ ਦੇ ਨਾਲ ਹੀ ਜਿਲਾ ਮੈਜਿਸਟ੍ਰੇਟ ਫਰੀਦਕੋਟ ਨੇ ਕਿਸੇ ਵੀ ਰੈਸਟੋਰੈਂਟ, ਢਾਬੇ ਚਾਹ ਦੀਆਂ ਦੁਕਾਨਾਂ ਆਦਿ ਦੇ ਮਾਲਕਾਂ ਵੱਲੋਂ ਆਪਣੇ ਵਪਾਰਕ ਸਥਾਨ ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 28 ਅਗਸਤ 2024 ਤੱਕ ਲਾਗੂ ਰਹੇਗੀ।

ਤੀਹਰੀ ਸਵਾਰੀ, ਬਿਨਾ ਨੰਬਰ ਪਲੇਟਾਂ, ਘੱਟ ਉਮਰ ਦੇ ਵਿਅਕਤੀਆਂ ਨੂੰ ਵਹੀਕਲਾਂ ਦੀ ਵਰਤੋਂ ਤੇ ਪਾਬੰਦੀ

ਜਿਲਾ ਮੈਜਿਸਟ੍ਰੇਟ ਫਰੀਦਕੋਟ ਨੇ ਜਿਲਾ ਫਰੀਦਕੋਟ ਅੰਦਰ ਦੋ ਪਹੀਆਂ ਵਹੀਕਲਾਂ ਪਿਛੇ ਤੀਹਰੀ ਸਵਾਰੀ ( ਸਿਵਾਏ ਬੱਚੇ) ਬਿਠਾਉਣ, ਬਿਨਾਂ ਨੰਬਰ ਪਲੇਟਾਂ ਦੇ, 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਵਹੀਕਲਾਂ ( ਮੋਟਰਸਾਈਕਲ ਅਤੇ ਸਕੂਟਰ) ਦੀ ਵਰਤੋਂ ਕਰਨ ਅਤੇ ਵੱਖ ਵੱਖ ਆਵਾਜ਼ਾਂ ਵਾਲੇ ਹਾਰਨ ਅਤੇ ਵਹੀਕਲਾਂ ਦੇ ਸੈਲੰਸਰ ਕੱਢਵਾ ਕੇ ਵੱਖਰੀ ਕਿਸਮ ਦੀਆਂ ਡਰਾਉਣੀਆਂ / ਦਿਲ ਕੰਬਾਊ ਆਵਾਜ਼ਾਂ ਪੈਦਾ ਕਰਨ ਤੇ ਪੂਰਨ ਤੌਰ ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ । ਇਹ ਪਾਬੰਦੀ 28 ਅਗਸਤ 2024 ਤੱਕ ਜਾਰੀ ਰਹੇਗੀ ।