ਅੰਮ੍ਰਿਤਸਰ, 17 ਅਗਸਤ
ਨੈਸ਼ਨਲ ਹਾਈਵੇ ਲਈ ਜਮੀਨ ਅਕਵਾਇਰ ਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਵੱਲੋਂ ਕੀਤੀ ਗਈ ਪਹਿਲ ਸਦਕਾ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਪਹੁੰਚੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਤੁਹਾਡੀਆਂ ਅਕਵਾਇਰ ਹੋਣ ਵਾਲੀਆਂ ਜਮੀਨਾਂ ਦਾ ਪੂਰਾ ਮੁਆਵਜ਼ਾ ਮਿਲੇਗਾ ਅਤੇ ਇਸ ਸਬੰਧੀ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਜਾਂ ਕੀਤੇ ਜਾ ਚੁੱਕੇ ਕੇਸਾਂ ਦੀ ਸੁਣਵਾਈ ਤਰਜੀਹ ਆਧਾਰ ਉੱਤੇ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਨਿਆਂ ਮਿਲੇਗਾ ਅਤੇ ਅਦਾਲਤੀ ਸੁਣਵਾਈ ਰੋਜਾਨਾ ਦੇ ਆਧਾਰ ਉੱਤੇ ਕਰਕੇ ਛੇਤੀ ਤੋਂ ਛੇਤੀ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ । ਉਹਨਾਂ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹਨਾਂ ਨੇ ਬੀਤੇ ਇੱਕ ਹਫਤੇ ਵਿੱਚ ਹੀ ਲਗਾਤਾਰ ਮੀਟਿੰਗਾਂ ਕਰਕੇ ਮਸਲੇ ਨੂੰ ਕਾਫੀ ਹੱਦ ਤੱਕ ਨੇੜੇ ਲੈ ਆਂਦਾ ਹੈ ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਜੋ ਵੀ ਧਿਰ ਮੁਆਵਜੇ ਨੂੰ ਚੁਣੌਤੀ ਦੇਣ ਲਈ ਕਮਿਸ਼ਨਰ ਕੋਲ ਅਪੀਲ ਕਰੇਗੀ ਉਸ ਦਾ ਫੈਸਲਾ ਛੇਤੀ ਤੋਂ ਛੇਤੀ ਕਰਕੇ ਜਮੀਨਾਂ ਅਕਵਾਇਰ ਕੀਤੀਆਂ ਜਾਣਗੀਆਂ।
ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਸਾਨਾਂ ਨੂੰ ਕਿਹਾ ਕਿ ਜਮੀਨਾਂ ਅਕਵਾਇਰ ਕਰਨ ਦੇ ਮਾਮਲੇ ਵਿੱਚ ਸਬੰਧਤ ਐਸਡੀਐਮ ਕੋਲ ਕੋਈ ਤਬਦੀਲੀ ਦਾ ਅਧਿਕਾਰ ਕੇਵਲ ਛੇ ਮਹੀਨੇ ਤੱਕ ਹੁੰਦਾ ਹੈ ਅਤੇ ਹੁਣ ਐਸਡੀਐਮ ਵੱਲੋਂ ਤੈਅ ਕੀਤੇ ਗਏ ਮੁਆਵਜ਼ੇ ਨੂੰ ਚੁਣੌਤੀ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆਰਬੀਟਰੇਟਰ ਜੋ ਕਿ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਹਨ , ਕੋਲ ਹੀ ਦਿੱਤੀ ਜਾ ਸਕਦੀ ਹੈ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਜਿਨਾਂ ਕਿਸਾਨਾਂ ਨੇ ਅਜੇ ਤੱਕ ਆਰਬੀਟਰੇਟਰ ਕੋਲ ਅਪੀਲ ਨਹੀਂ ਕੀਤੀ ਉਹ ਆਪਣੇ ਕੇਸ ਦੀ ਅਪੀਲ ਉਹਨਾਂ ਕੋਲ ਕਰਨ ਤਾਂ ਜੋ ਛੇਤੀ ਫੈਸਲਾ ਕੀਤਾ ਜਾ ਸਕੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਐਵਾਰਡ ਦੀਆਂ ਕਾਪੀਆਂ ਨਾਲੋ ਨਾਲ ਦੇਣ ਦੇ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਜੋ ਵੀ ਮਸਲੇ ਹਨ ਉਹ ਕਿਸਾਨਾਂ ਨਾਲ ਬੈਠ ਕੇ ਹੱਲ ਕਰੇ ਤਾਂ ਜੋ ਜਮੀਨਾਂ ਅਕਵਾਇਰ ਕਰਕੇ ਸੜਕ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ । ਇਸ ਮੌਕੇ ਐਸਡੀਐਮ ਮਨਕੰਵਲ ਸਿੰਘ ਚਾਹਲ, ਐਸਡੀਐਮ ਸ੍ਰੀ ਲਾਲ ਵਿਸ਼ਵਾਸ, ਐਸਡੀਐਮ ਅਰਵਿੰਦਰ ਪਾਲ ਸਿੰਘ, ਐਸਡੀਐਮ ਰਵਿੰਦਰ ਸਿੰਘ ਅਰੋੜਾ, ਡੀਆਰ ਓ ਸ੍ਰੀ ਨਵਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸ੍ਰੀ ਸਭਰਵਾਲ ਨੂੰ ਬਤੌਰ ਕਮਿਸ਼ਨਰ ਜ਼ਿਲ੍ਹੇ ਵਿੱਚ ਪਧਾਰਨ ਉੱਤੇ ਪੁਲਿਸ ਦੇ ਜਵਾਨਾਂ ਨੇ ਸਲਾਮੀ ਦਿੱਤੀ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।
ਜਮੀਨ ਦੇ ਰੇਟਾਂ ਸਬੰਧੀ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਕੇਵਲ ਕਮਿਸ਼ਨਰ ਕੋਲ -ਡਿਪਟੀ ਕਮਿਸ਼ਨਰ


