ਗੁਰਦਾਸਪੁਰ, 14 ਅਪ੍ਰੈਲ ( ) – ਸ੍ਰੀ ਸੁਖਜਿੰਦਰ ਸਿੰਘ, ਜ਼ਿਲ੍ਹਾ ਕੰਟਰੋਲਰ, ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਗੁਰਦਾਸਪੁਰ ਨੇ ਕਿਹਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅਧੀਨ ਆਉਂਦੇ ਬਜ਼ਾਰਾਂ ਵਿੱਚ ਆਮ ਵੇਖਣ ਵਿੱਚ ਆਉਂਦਾ ਹੈ ਕਿ ਹੋਟਲਾਂ, ਰੈਸਟੋਰੈਂਟਾਂ, ਰੇੜੀਆਂ, ਢਾਬਿਆਂ, ਪੈਲੇਸਾਂ ਆਦਿ ਵਿੱਚ ਵਪਾਰਕ ਗੈਸ ਸਿਲੰਡਰਾਂ ਦੀ ਜਗ੍ਹਾ ਤੇ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾ ਰਾਹੀਂ ਜੋ ਕਿ ਲਿਕਊਫਾਈਡ ਪੈਟਰੋਲੀਅਮ ਗੈਸ (ਰੈਗੂਲੇਸ਼ਨ ਆਫ਼ ਸਪਲਾਈ ਐਂਡ ਡਿਸਟ੍ਰੀਬਿਊਸ਼ਨ) ਆਰਡਰ, 2000/ਮਾਰਕੀਟਿੰਗ ਡਸਿਪਲਿਨ ਗਾਈਡਲਾਈਨਸ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਸਬੰਧੀ ਜ਼ਿਲ੍ਹਾ ਕੰਟਰੋਲਰ, ਗੁਰਦਾਸਪੁਰ ਸ੍ਰੀ ਸੁਖਜਿੰਦਰ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅਧੀਨ ਆਉਂਦੇ ਹੋਟਲਾਂ, ਰੈਸਟੋਰੈਂਟਾਂ, ਰੇੜੀਆਂ, ਢਾਬਿਆਂ, ਪੈਲੇਸ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਪਾਰਕ ਸਥਾਨਾਂ ਉੱਪਰ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਬਿਲਕੁਲ ਨਾ ਕਰਨ ਅਤੇ ਕੇਵਲ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਉਨ੍ਹਾਂ ਗੈਸ ਏਜੰਸੀ ਮਾਲਕਾ ਨੂੰ ਵੀ ਅਪੀਲ ਕੀਤੀ ਹੈ ਕਿ ਖਪਤਕਾਰਾਂ ਨੂੰ ਗੈਸ (ਭਰਿਆ ਸਿਲੰਡਰ) ਵਜ਼ਨ ਕਰਕੇ ਦਿੱਤਾ ਜਾਵੇ ਅਤੇ ਡਲਿਵਰੀ ਮੈਨ ਭਾਰ ਤੋਲਣ ਵਾਲੀ ਮਸ਼ੀਨ ਹਮੇਸ਼ਾ ਨਾਲ ਰੱਖਣਗੇ। ਉਨ੍ਹਾਂ ਕਿਹਾ ਕਿ ਡਲਿਵਰੀ ਮੈਨ ਯੂਨੀਫ਼ਾਰਮ ਪਹਿਨਣਗੇ ਅਤੇ ਉਨ੍ਹਾਂ ਕੋਲ ਆਈ.ਕਾਰਡ ਮੌਜੂਦ ਹੋਣੇ ਚਾਹੀਦੇ ਹਨ। ਹਰੇਕ ਗੈਸ ਏਜੰਸੀ ਡਿਸਟ੍ਰੀਬਿਊਟਰ ਆਪਣੇ ਗੋਦਾਮ ਤੇ ਗੈਸ ਸਿਲੰਡਰਾਂ ਦਾ ਰੇਟ/ਸਟਾਕ ਡਿਸਪਲੇ ਕਰੇਗਾ ਅਤੇ ਗੈਸ ਸਿਲੰਡਰਾਂ ਦੀ ਸਟੋਰੇਜ ਕੇਵਲ ਮਨਜ਼ੂਰਸ਼ੁਦਾ ਗੋਦਾਮ ‘ਤੇ ਹੀ ਕਰੇਗਾ। ਉਨ੍ਹਾਂ ਗੈਸ ਏਜੰਸੀ ਮਾਲਕਾ ਨੂੰ ਇਹ ਵੀ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਦਾ ਡਲਿਵਰੀ ਮੈਨ ਹੋਟਲਾਂ, ਰੈਸਟੋਰੈਂਟਾਂ, ਰੇੜੀਆਂ, ਢਾਬਿਆਂ, ਪੈਲੇਸਾਂ ਆਦਿ ਤੇ ਘਰੇਲੂ ਗੈਸ ਸਿਲੰਡਰ ਦਿੰਦਾ ਫੜਿਆ ਗਿਆ ਤਾਂ ਉਸਦੇ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ (ਸਮੇਤ ਗੈਸ ਏਜੰਸੀ ਮਾਲਕ) ਅਮਲ ਵਿੱਚ ਲਿਆਂਦੀ ਜਾਵੇਗੀ।