ਮਿੰਨੀ ਜੂ ਬੀੜ ਤਲਾਬ ਵਿਖੇ ਇੱਕ ਰੋਜ਼ਾ ਵਣ ਜਾਗਰੂਕਤਾ ਕੈਂਪ ਆਯੋਜਿਤ

Bathinda

ਬਠਿੰਡਾ, 22 ਫਰਵਰੀ : ਵਣ ਮੰਡਲ ਅਫ਼ਸਰ (ਵਿਸਥਾਰ) ਸ੍ਰੀ ਪਵਨ ਸ੍ਰੀਧਰ ਦੀ ਰਹਿਨੁਮਾਈ ਹੇਠ ਵਣ ਵਿਸਥਾਰ ਰੇਂਜ ਬਠਿੰਡਾ ਵੱਲੋਂ ਮਿੰਨੀ ਜੂ ਬੀੜ ਤਲਾਬ ਵਿਖੇ ਇੱਕ ਰੋਜ਼ਾ ਵਣ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ, ਚਿੱਤਰਕਲਾ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਬਠਿੰਡਾ ਅਤੇ ਸਰਕਾਰੀ ਹਾਈ ਗੁਰ ਨਾਨਕ ਪੁਰਾ ਬਠਿੰਡਾ ਦੇ ਸਕੂਲੀ ਵਿਦਿਆਰਥੀਆ ਨੇ ਭਾਗ ਲਿਆ। ਇਸ ਦੌਰਾਨ ਵਣ ਮੰਡਲ ਅਫ਼ਸਰ ਵਿਸਥਾਰ ਸ੍ਰੀ ਪਵਨ ਸ੍ਰੀਧਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਕੀਤਾ।

          ਇਸ ਮੌਕੇ ਬੱਚਿਆਂ ਨੂੰ ਮਿੰਨੀ ਜੂ ਬੀੜ ਤਲਾਬ ਦਾ ਟੂਰ ਕਰਵਾਇਆ ਗਿਆ। ਜਿੱਥੇ ਬੱਚਿਆ ਨੂੰ ਵੱਖ-ਵੱਖ ਪੰਛੀਆਂ, ਜਾਨਵਰਾਂ ਅਤੇ ਰੁੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਇਬ ਤਹਿਸੀਲਦਾਰ ਮੈਡਮ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਮਾਜ ਸੇਵੀ ਆਦਰਸ਼ ਵੈਲਫੇਅਰ ਸੁਸਾਇਟੀ ਬਠਿੰਡਾ ਨੇ ਸੱਪਾਂ ਸਬੰਧੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮੈਥ ਮਾਸਟਰ ਮੈਡਮ ਸੁਮਨ ਬਾਂਸਲ ਨੇ ਜੀਵਨ ਸ਼ੈਲੀ ਬਾਰੇ ਅਤੇ ਵਣ ਰੇਂਜ ਅਫ਼ਸਰ ਵਿਸਥਾਰ ਬਠਿੰਡਾ ਸ੍ਰੀ ਗੁਰਜੰਗ ਸਿੰਘ ਨੇ ਹਰਬਲ ਪੌਦਿਆਂ ਅਤੇ ਰੁੱਖਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਣ ਰੇਂਜ ਅਫ਼ਸਰ ਵਿਸਥਾਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਮਨਪ੍ਰੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

ਇਸ ਸਮਾਗਮ ਵਿੱਚ ਬੱਚਿਆਂ ਲਈ ਬਰੈਕਫਾਸਟ ਅਤੇ ਲੱਚ ਦਾ ਪ੍ਰਬੰਧ ਵੀ ਕੀਤਾ ਗਿਆ। ਸ਼ਾਮਿਲ ਹੋਏ ਸਮੂਹ ਵਿਦਿਆਰਥੀਆਂ ਨੂੰ ਕਲੀਅਰ ਬੈਗ, ਸਰਟੀਫਿਕੇਟ, ਟੈਗ, ਸਟੇਸਨਰੀ ਦਾ ਸਮਾਨ ਆਦਿ ਵੰਡਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਵਾਟਰ ਕੈਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਰੇਂਜ ਅਫ਼ਸਰ ਮਿੰਨੀ ਜੂ ਬੀੜ ਤਲਾਬ ਸ੍ਰੀ ਗੁਰਦੀਪ ਸਿੰਘ ਅਤੇ ਉਨ੍ਹਾਂ ਦਾ ਸਟਾਫ ਤੋਂ ਇਲਾਵਾ ਵਣ ਮੰਡਲ ਵਿਸਥਾਰ ਬਠਿੰਡਾ ਦਾ ਸਟਾਫ਼ ਵੀ ਹਾਜ਼ਰ ਰਿਹਾ।