ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਹੋਇਆ ਪੱਬਾ ਭਾਰ

Politics Punjab

ਅਬੋਹਰ 12 ਸਤੰਬਰ

ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ ਸੇਨੂ ਦੁਗਲ ਦੇ ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਵਿੱਚ ਕਿਸਾਨ ਭਲਾਈ ਕੈਂਪ ਭਲਾਈ ਜਾ ਰਹੇ ਹਨ ਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਨਰਮੇ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਤਾਂ ਜੋ ਆਪਾਂ ਗੁਲਾਬੀ ਸੁੰਡੀ ਤੋਂ ਨਰਮੇ ਨੂੰ ਐਤਕੀ ਬਚਾ ਸਕੀਏ ਤੇ ਵੱਧ ਤੋਂ ਵੱਧ ਝਾੜ ਕਿਸਾਨਾਂ ਨੂੰ ਨਰਮੇ ਦਾ ਮਿਲੇ। ਉਨਾਂ ਵੱਲੋਂ ਜਿੱਥੇ ਲਗਾਤਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ ਉੱਥੇ ਖੇਤੀਬਾੜੀ ਵਿਭਾਗ ਦੇ ਅਮਲੇ ਵੱਲੋਂ ਪਿੰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨ। ਇਸੇ ਤਹਿਤ ਅੱਜ ਪਿੰਡ ਧਰਮਪੁਰਾ ਵਿੱਚ ਕਿਸਾਨ ਭਲਾਈ ਕੈਂਪ ਲਾਇਆ ਗਿਆ ਤੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਖੇਤਾਂ ਦਾ ਨਿਰੀਖਣ ਕੀਤਾ ਗਿਆ।

ਇਸ ਮੌਕੇ ਤੇ ਬਲਾਕ ਖੇਤੀਬਾੜੀ ਅਧਿਕਾਰੀ ਡਾਕਟਰ ਪਰਵਿੰਦਰ ਸਿੰਘ ਧੰਜੂ,ਏਡੀਓ ਗਗਨਦੀਪ ਸਿੰਘ ਨੇ ਕਿਸਾਨਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਆਉਣ ਵਾਲੇ 15-20 ਦਿਨ ਨਰਮੇ ਦੀ ਫਸਲ ਲਈ ਬਹੁਤ ਜਰੂਰੀ ਹਨ।ਇਸ ਲਈ ਤੁਸੀਂ ਨਰਮੇ ਦਾ ਖਾਸ ਧਿਆਨ ਰੱਖੋ।ਜਿਨਾਂ ਨੇ ਵੀ ਨਰਮਾ ਬੀਜਿਆ ਹੈ ਉਹ ਹਰ ਰੋਜ਼ ਸਵੇਰੇ ਆਪਣੇ ਖੇਤ ਜਾ ਕੇ ਸਰਵੇ ਜਰੂਰ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਕੀਟਾਂ ਦੇ ਹਮਲੇ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਫਿਲਹਾਲ ਗੁਲਾਬੀ ਸੁੰਡੀ ਦਾ ਪ੍ਰਕੋਪ ਨਰਮੇ ਉੱਪਰ ਨਹੀਂ ਹੈ ਤੇ ਨਰਮੇ ਵਧੀਆ ਖੜੇ ਹਨ। ਜਿਸ ਤੋਂ ਉਮੀਦ ਜਤਾਈ ਜਾ ਰਹੀ ਹੈ ਕਿ ਐਤਕੀ ਨਰਮੇ ਦਾ ਝਾੜ ਵੀ ਵਧੀਆ ਰਹੇਗਾ। ਇਸ ਮੌਕੇ ਤੇ ਉਨਾਂ ਕਿਸਾਨਾਂ ਨੂੰ ਝੋਨੇ ਸੰਬੰਧੀ ਵੀ ਪੂਰਨ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਨਰਮੇ ਅਤੇ ਝੋਨੇ ਉੱਪਰ ਜਰੂਰੀ ਕੀਟਨਾਸ਼ਕਾਂ ਦੀ ਸਪਰੇ ਕਰਨ ਦੀ ਸਲਾਹ ਵੀ ਦਿੱਤੀ। ਉਹਨਾਂ ਕਿਹਾ ਕਿ ਕੀਟਨਾਸ਼ਕ ਲੈਣ ਸਮੇਂ ਹਮੇਸ਼ਾ ਬਿੱਲ ਜਰੂਰ ਲੈਣਾ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਸਿਫਾਰਸ਼-ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਹੀ ਕੀਤੀ ਜਾਵੇ। ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਸ਼ੁਰੂਆਤ ਦੇ ਵਿੱਚ ਉਨਾਂ ਦੇ ਖੇਤ ਗੁਲਾਬੀ ਸੁੰਡੀ ਦਾ ਪ੍ਰਕੋਪ ਵੇਖਣ ਨੂੰ ਮਿਲਿਆ ਸੀ ਪਰ ਵਿਭਾਗ ਦੇ ਤਾਲਮੇਲ ਵਿੱਚ ਰਹਿਣ ਕਾਰਨ ਉਨਾਂ ਨੇ ਕੰਟਰੋਲ ਕਰ ਰੱਖਿਆ ਹੈ।ਉਹਨਾਂ ਕਿਹਾ ਕਿ ਹੁਣ ਵੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੀਟਨਾਸ਼ਕਾਂ ਦੀ ਸਪਰੇਅ ਲਗਾਤਾਰ ਕਰਾਂਗੇ ਤਾਂ ਜੋ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ।

ਉਧਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੱਲੋਂ ਵੀ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਖੇਤਾਂ ਦਾ ਸਰਵੇ ਜਰੂਰ ਕਰਨ ਤੇ ਨਾਲ ਉਹਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਖਤ ਨਿਰਦੇਸ਼ ਹਨ ਕਿ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਅਧਿਕਾਰੀ ਤੇ ਕਰਮਚਾਰੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਨੂੰ ਜਾਗਰੂਕ ਕਰਦੇ ਰਹਿਣ।