ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਦੀ ਤਿਆਰੀ ਅਤੇ ਵੋਟਾਂ ਬਣਾਉਣ ਦੀ ਸਮੁੱਚੀ ਪ੍ਰਕਿਰਿਆ ’ਚ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਤੇਜ਼ੀ ਲਿਆਉਣ-ਧੀਮਾਨ

Ferozepur

ਫਿਰੋਜ਼ਪੁਰ 4 ਸਤੰਬਰ 2024…..

          ਡਿਪਟੀ ਕਮਿਸ਼ਨਰ ਸ੍ਰੀ. ਰਾਜੇਸ਼ ਧੀਮਾਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਦੀ ਤਿਆਰੀ ਅਤੇ ਵੋਟਾਂ ਬਣਾਉਣ ਦੀ ਸਮੁੱਚੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ  ਦੇ ਮਨੋਰਥ ਨਾਲ ਐੱਸ.ਡੀ.ਐੱਮਜ਼, ਬੀਡੀਓਜ਼, ਮਿਊਂਸੀਪਲ ਕੌਂਸਲ ਦੇ ਅਧਿਕਾਰੀ ਅਤੇ ਬੀ.ਐਲ.ਓਜ ਨਾਲ ਵਿਸ਼ੇਸ਼ ਮੀਟਿੰਗ ਕੀਤੀ।

          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਧੇ ਹੋਏ ਸ਼ਡਿਊਲ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰਨ ਦੀ ਆਖਿਰੀ ਮਿਤੀ ਵਿੱਚ 16 ਸਤੰਬਰ 2024 ਤੱਕ ਵਾਧਾ ਕਰ ਦਿੱਤਾ ਗਿਆ ਹੈ,ਜਿਸ ਤਹਿਤ ਸੋਧੇ ਹੋਏ ਸ਼ਡਿਊਲ ਅਨੁਸਾਰ ਐਸ. ਜੀ. ਪੀ.ਸੀ. ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 9 ਅਕਤੂਬਰ 2024 ਨੂੰ ਕੀਤੀ ਜਾਵੇਗੀ, ਜਿਸ ’ਤੇ 29 ਅਕਤੂਬਰ 2024 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਇਸੇ ਤਰ੍ਹਾਂ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਸਿੱਖ ਗੁਰਦੁਆਰਾ ਬੋਰਡ ਚੋਣਾਂ ਨਿਯਮ, 1959 ਦੇ ਨਿਯਮ 10 (3) ਅਨੁਸਾਰ 8 ਨਵੰਬਰ 2024 ਤੱਕ ਕਰ ਦਿੱਤਾ ਜਾਵੇਗਾ। ਇਸ ਉਪਰੰਤ 25 ਨਵੰਬਰ 2024 ਨੂੰ ਸਪਲੀਮੈਂਟਰੀ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ ਅਤੇ 26 ਨਵੰਬਰ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ ।

          ਉਨ੍ਹਾਂ ਸਮੂਹ ਬੀ.ਐਲ.ਓ. ਨੂੰ ਹਿਦਾਇਤ ਕੀਤੀ ਕਿ ਆਪਣੇ ਆਪਣੇ ਖੇਤਰ ਵਿਚ ਸ਼ਰਤਾਂ ਪੂਰੀਆਂ ਕਰਦੇ ਸਿੱਖਾਂ ਦੀਆਂ ਰਹਿੰਦੀਆਂ ਵੋਟਾਂ ਬਣਾਉਣ ਲਈ ਫਾਰਮ ਭਰਨ । ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਦੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲਗਦਾ ਹੋਵੇ ਤੇ ਉਹ ਦਾੜੀ ਕੇਸ ਨਾ ਕੱਟਦਾ ਹੋਵੇ ਉਸਦਾ ਫਾਰਮ ਨੰ: 1 ਭਰਿਆ ਜਾਵੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੋਟ ਬਣਾਉਣ ਲਈ ਘੱਟੋ ਘੱਟ ਉਮਰ 21 ਸਾਲ ਹੈ ।

            ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਲਈ ਹਲਕਿਆਂ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾ ਕੇ ਵਿਸ਼ੇਸ਼ ਕੈਂਪ ਲਾਏ ਜਾਣ ਤਾਂ ਜੋ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਆਪਣੇ ਹਲਕਿਆਂ ਵਿਚ ਬੀ.ਐਲ.ਓ. ਅਤੇ ਪਟਵਾਰੀਆਂ ਤੋਂ ਵੋਟ ਬਣਾਉਣ ਦੀ ਪ੍ਰਕਿਰਿਆ ਦੀ ਲਗਾਤਾਰ ਰਿਪੋਰਟ ਲੈ ਕੇ ਲੋੜੀਂਦੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਦੀ ਹਿਦਾਇਤ ਵੀ ਕੀਤੀ । ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅਤੇ ਹੋਰਨਾਂ ਸਬੰਧਿਤ ਧਿਰਾਂ ਦੇ ਸਹਿਯੋਗ ਨਾਲ ਵੋਟ ਬਣਾਉਣ ਬਾਰੇ ਜ਼ਮੀਨੀ ਪੱਧਰ ਤੱਕ ਜਾਣਕਾਰੀ ਪੁੱਜਦੀ ਕਰਕੇ ਕੇਸਾਧਾਰੀ ਸਿੱਖਾਂ ਦੇ ਫਾਰਮ ਨੰਬਰ 01 ਭਰਦਿਆਂ ਵੋਟ ਬਣਾਈ ਜਾਵੇ ।      

            ਇਸ ਮੌਕੇ ਐੱਸ.ਡੀ.ਐੱਮ ਫਿਰੋਜ਼ਪੁਰ ਸ. ਹਰਕੰਵਲਜੀਤ ਸਿੰਘ, ਐੱਸ.ਡੀ.ਐੱਮ ਗੁਰੂਹਰਸਹਾਏ ਸ. ਗਗਨਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀ. ਸੂਰਜ ਕੁਮਾਰ, ਐੱਸ.ਡੀ.ਐੱਮ ਜ਼ੀਰਾ ਸ. ਗੁਰਮੀਤ ਸਿੰਘ ਅਤੇ ਡੀ.ਡੀ.ਪੀ.ਓ ਹਰਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।