ਕਿੰਨੂ ਮੁਕਤਸਰ ਦੇ; ਚਾਰ ਬੂਟਿਆਂ ਤੋਂ 7700 ਏਕੜ ਵਿੱਚ ਫੈਲੇ ਬੂਟੇ

Politics Punjab

·         ਜ਼ਿਲ੍ਹੇ ਵਿੱਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿੱਚ ਹੋਇਆ 101 ਏਕੜ ਦਾ ਵਾਧਾ

ਸ੍ਰੀ ਮੁਕਤਸਰ ਸਾਹਿਬ, 20 ਦਸੰਬਰ

70 ਸਾਲ ਪਹਿਲਾਂ ਸੰਨ 1954 ਵਿੱਚ ਚਾਰ ਕਿੰਨੂਆਂ ਦੇ ਬੂਟਿਆਂ ਤੋਂ ਕੀਤੀ ਗਈ ਸ਼ੁਰੂਆਤ ਵਿੱਚ ਆਏ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਕਿੰਨੂ ਦੇ ਬਾਗਾਂ ਦੇ ਰਕਬੇ ਵਿੱਚ 101 ਏਕੜ ਦਾ ਇਜ਼ਾਫ਼ਾ ਹੋ ਗਿਆ ਹੈ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਵਧੀਕ ਡਾਇਰੈਕਟਰ ਬਾਗਬਾਨੀ ਸ੍ਰੀ ਸੁਖਦੇਵ ਬਰਾੜ ਨੇ ਦੱਸਿਆ ਕਿ ਸੂਬੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕਿੰਨੂ ਦੀ ਕਾਸ਼ਤ ਵਿੱਚ ਮੌਹਰੀ ਜ਼ਿਲ੍ਹਾ ਬਣ ਚੁੱਕਿਆ ਹੈ। ਆਧੁਨਿਕ ਯੁਗ ਦੇ ਪ੍ਰਸਾਰ ਸਾਧਨਾਂ ਦੇ ਮਾਧਿਅਮ ਰਾਹੀਂ ਹੁਣ ਲੋਕਾਂ ਨੂੰ ਇਸ ਦੇ ਗੁਣਾਂ ਬਾਰੇ ਚੋਖਾ ਗਿਆਨ ਹੋਇਆ ਹੈ।

ਇਸ ਫ਼ਲ ਰਾਹੀਂ ਮਨੁੱਖੀ ਸ਼ਰੀਰ ਵਿੱਚ ਹੋਣ ਵਾਲਿਆਂ ਫਾਇਦਿਆਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਫਲ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, ਹਰ ਪ੍ਰਕਾਰ ਦੇ ਐਂਟੀਓਕਸੀਡੈਂਟ ਅਤੇ ਭਰਪੂਰ ਮਾਤਰਾ ਵਿੱਚ ਫਾਈਬਰ ਹੈ, ਜੋ ਕਿ ਸ਼ਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਫਾਇਦੇਮੰਦ ਹੈ। ਇਸਤੋਂ ਇਲਾਵਾ ਇਸ ਫ਼ਲ ਦੇ6-7 ਬੀਜਾਂ ਨੂੰ ਚਬਾ ਕੇ ਖਾਣ ਨਾਲ ਹਰ ਦਿਨ ਲੈਮੀਨਾਈਟ ਰਾਹੀਂ ਐਂਟੀਕਾਰਸੀਨੋਜੈਨਿਕ ਤੱਤ ਪ੍ਰਾਪਤ ਹੁੰਦੇ ਹਨ, ਜੋ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਹਾਈ ਸਿੱਧ ਹੁੰਦੇ ਹਨ।

ਕਿੰਨੂ ਦੇ ਬੂਟੇ ਦੀ ਉਮਰ ਅਤੇ ਉਤਪਾਦਕਤਾ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ ਅਮਨ ਔਲਖ ਨੇ ਦੱਸਿਆ ਕਿ ਇੱਕ ਬੂਟੇ ਨੂੰ ਪੂਰੀ ਤਰ੍ਹਾਂ ਬਣਨ ਲਈ 10 ਤੋਂ 12 ਸਾਲ ਲੱਗ ਜਾਂਦੇ ਹਨ, ਪ੍ਰੰਤੂ ਕਿੰਨੂ ਦਾ ਬੂਟਾ 4 ਸਾਲਾਂ ਬਾਅਦ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ। 4 ਸਾਲਾਂ ਬਾਅਦ ਇਸਦੇ ਇੱਕ ਬੂਟੇ ਤੋਂ ਪ੍ਰਤੀ ਸੀਜ਼ਨ 25 ਤੋਂ 30 ਕਿੱਲੋ ਫ਼ਲ ਉਤਰਦਾ ਹੈ ਅਤੇ ਪੂਰੀ ਤਰ੍ਹਾਂ ਤਿਆਰ ਬੂਟੇ ਤੋਂ 1.25 ਤੋਂ 1.50 ਕੁਇੰਟਲ ਫ਼ਲ ਉਤਰਦਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਿਛਲੇ ਸਾਲ ਕਿੰਨੂ ਕਾਸ਼ਤਕਾਰਾਂ ਨੇ 57000 ਮੀਟਰਿਕ ਟਨ ਦੀ ਪੈਦਾਵਾਰ ਕੀਤੀ ਸੀ। ਉਨਾਂ ਦੱਸਿਆ ਕਿ ਮੌਸਮ ਵਿੱਚ ਅਚਨਚੇਤ ਤਬਦੀਲੀ ਜਿਵੇਂ ਕਿ ਰਾਤ ਨੂੰ ਭਾਰੀ ਠੰਢ ਅਤੇ ਦਿਨ ਵਿੱਚ ਤਾਪਮਾਨ ਦੇ ਵਧਣ ਨਾਲ ਕਿੰਨੂ ਦੀ ਪੈਦਾਵਾਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।

ਇਸ ਦੇ ਨਾਲ ਹੀ ਸੇਮ ਨਾਲ ਗ੍ਰਸਤ ਇਲਾਕੇ ਵਿੱਚ ਬਾਗਾਂ ਦੀ ਉਪਜਾਊ ਸ਼ਕਤੀ ਘੱਟਦੀ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਕਿੰਨੂ ਦੇ ਬਾਗ ਲਗਾਉਣ ਵਾਲੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੰਦੀ ਹੈ ਜਿਸ ਤਹਿਤ 20 ਹਜ਼ਾਰ ਤੋਂ 2.50 ਲੱਖ ਦੀ ਸਬਸਿਡੀ ਸੰਦਾ ਲਈ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਇਸ ਸਾਲ ਰਾਤ ਨੂੰ ਤਾਪਮਾਨ ਦੀ ਗਿਰਾਵਟ ਅਤੇ ਦਿਨ ਵੇਲੇ ਦਰਜ ਕੀਤੇ ਵਾਧੇ ਕਾਰਨ ਕੁਝ ਹੱਦ ਤੱਕ ਕਿੰਨੂ ਦੀ ਪੈਦਾਵਾਰ ਤੇ ਅਸਰ ਪਿਆ ਹੈਪਰੰਤੂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿੰਨੂ ਦੀ ਮਿਠਾਸ ਵਿੱਚ ਵਾਧਾ ਹੋਵੇਗਾ।

Leave a Reply

Your email address will not be published. Required fields are marked *