ਫਾਜ਼ਿਲਕਾ, 8 ਜਨਵਰੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਚੋਣ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਡਰਾਅ (ਕਪਿਊਟਰੳਈਜਡ ਲਾਟਰੀ ਸਿਸਟਮ) ਰਾਹੀਂ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤੀ ਪ੍ਰਦਾਨ ਕਰਨ ਤਹਿਤ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ ‘ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਵੀਰਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕੇ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜਨਰਲ ਜਾਤੀ ਨਾਲ ਸਬੰਧਤ ਨਿਜੀ ਕਿਸਾਨਾਂ ਦੀਆਂ 950 ਦਰਖਾਸਤਾਂ ਵਿਚੋਂ ਡਰਾਅ ਰਾਹੀਂ ਸਬਸਿਡੀ ਲਈ 52 ਕਿਸਾਨਾਂ ਦੀ ਚੋਣ ਹੋਈ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਨਾਲ ਸਬੰਧਤ ਨਿਜੀ ਕਿਸਾਨਾਂ ਦੀਆਂ 908 ਦਰਖਾਸਤਾਂ ਵਿਚੋਂ ਡਰਾਅ ਰਾਹੀਂ ਸਬਸਿਡੀ ਲਈ 105 ਕਿਸਾਨਾਂ ਦੀ ਚੋਣ ਹੋਈ। ਐਸ.ਸੀ. ਜਾਤੀ ਨਾਲ ਸਬੰਧਤ ਕਸਟਮਰ ਹਾਇਰਿੰਗ ਸੈਂਟਰ ਦੀਆਂ ਪ੍ਰਾਪਤ 148 ਅਰਜੀਆਂ ਵਿਚੋਂ 5 ਕਿਸਾਨਾਂ ਦੀ ਚੋਣ ਕੀਤੀ ਗਈ।
ਖੇਤੀਬਾੜੀ ਇੰਜੀਨੀਅਰ ਸ੍ਰੀ ਕਮਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਡਰਾਅ ਰਾਹੀਂ ਚੋਣ ਹੋਈ ਹੈ ਉਹ 14 ਦਿਨਾਂ ਤੋਂ ਪਹਿਲਾਂ ਸੈਕਸ਼ਨ ਪੱਤਰ ਵਿੱਚ ਦਿੱਤੀ ਹਦਾਇਤਾਂ ਅਨੁਸਾਰ ਮਸ਼ੀਨ ਦੀ ਖਰੀਦ ਕਰਕੇ ਬਲਾਕ ਖੇਤੀਬਾੜੀ ਦਫਤਰਾਂ ਤੋਂ ਵੈਰੀਫਾਈ ਕਰਵਾ ਲੈਣ ਤਾਂ ਜੋ ਸਮੇਂ ਸਿਰ ਸਬੰਧਤ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ‘ਤੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਪਿਆਰ ਸਿੰਘ ਬੀ.ਡੀ.ਪੀ.ਓ ਆਦਿ ਮੌਜੂਦ ਸਨ।
ਖੇਤੀ ਮਸ਼ੀਨੀਕਰਨ ਨੁੰ ਉਤਸ਼ਾਹਿਤ ਕਰਨ ਲਈ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਗਈ ਚੋਣ


