ਕਣਕ ਦੀ ਗੁਲਾਬੀ ਸੁੰਡੀ ਲਈ ਖੇਤਾਂ ਦਾ ਨਿਰੀਖਣ ਲਗਤਾਰ ਜਾਰੀ-ਮੁੱਖ ਖੇਤੀਬਾੜੀ ਅਫਸਰ

Mansa Politics Punjab

ਮਾਨਸਾ, 17 ਦਸੰਬਰ :
        ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕਿਤੇ-ਕਿਤੇ ਕਣਕ ਦੀ ਫਸਲ ਵਿੱਚ ਤਣ੍ਹੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਪੈਸਟ ਸਰਵੇਲੈਂਸ ਟੀਮਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ  ਰਿਹਾ ਹੈ।
        ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬੁਢਲਾਡਾ ਦੀ ਟੀਮ ਵੱਲੋਂ ਬਲਾਕ ਬੁਢਲਾਡਾ ਦੇ ਪਿੰਡ ਬਰ੍ਹੇ, ਫੁੱਲੂਆਲਾ ਡੋਗਰਾ ਅਤੇ ਕਾਸਿਮਪੁਰ ਛੀਨਾ ਵਿਖੇ ਖੇਤਾਂ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਕਿਸਾਨ ਗੁਰਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਦੇ ਖੇਤ ਸ਼ਾਮਿਲ ਸਨ।
       ਡਾ. ਗੁਰਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਲਾਕ ਬੁਢਲਾਡਾ ਨੇ ਦੱਸਿਆ ਕਿ ਕਈ ਖੇਤਾਂ ਵਿੱਚ ਨਮੀ ਦੀ ਕਮੀ ਕਾਰਨ ਬੀਜ ਪੁੰਗਰ ਨਹੀ ਪਾਉਂਦੇ ਪਰ ਕਿਸਾਨ ਇਸ ਸਮੱਸਿਆ ਨੂੰ ਗੁਲਾਬੀ ਸੁੰਡੀ ਦਾ ਹਮਲਾ ਸਮਝ ਬੈਠਦੇ ਹਨ ਇਸ ਉਲਝਣ ਵਿੱਚ ਪੈਕੇ ਕਿਸਾਨ ਮਹਿੰਗੀਆਂ ਸਪਰੇਆਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਉਹਨਾਂ ਦਾ ਖਰਚਾ ਕਾਫੀ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੌਰਾ ਕੀਤੇ ਖੇਤਾਂ ਵਿੱਚੋ ਬਹੁਤ ਘੱਟ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਗੰਭੀਰ ਹਮਲਾ ਦੇਖਣ ਨੂੰ ਮਿਲਿਆ
     ਉਨ੍ਹਾਂ ਦੱਸਿਆ ਕਿ ਜ਼ਿਆਦਾ ਹਮਲੇ ਵਾਲੇ ਖੇਤਾਂ ‘ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਕੀਟਨਾਸ਼ਕ 7 ਕਿੱਲੋ ਮੋਰਟੈਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲੀਟਰ ਡਰਸਬਾਨ 20 ਈ.ਸੀ. (ਕਲੋਰਪਾਈਰੀਫਾਸ) ਨੂੰ 20 ਕਿੱਲੋ ਸਲ੍ਹਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛਿੱਟਾ ਦਿੱਤਾ ਜਾਵੇ। ਇਸ ਦੇ ਬਦਲ ‘ਚ 50 ਮਿਲੀ ਲੀਟਰ ਪ੍ਰਤੀ ਏਕੜ ਕੋਰਾਜਨ 18.5 ਐਸ ਸੀ (ਕਲੋਰਐਂਟਰਾਨੀਲੀਪਰੋਲ) ਨੂੰ 80-100 ਲੀਟਰ ਪਾਣੀ ‘ਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕੀਤਾ ਜਾਵੇ ਅਤੇ ਉਹਨਾਂ ਵੱਲੋ ਕੀਟਨਾਸ਼ਕ ਦਵਾਈਆਂ ਦੇ ਨਮੂਨੇ ਵੀ ਇਕੱਤਰ ਕੀਤੇ ਗਏ ਤਾਂ ਜੋ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਸਪਰੇਆਂ ਮਹੁੱਈਆ ਕਰਵਾਈਆਂ ਜਾ ਸਕਣ।
       ਟੀਮ ਵੱਲੋਂ ਪਿੰਡ ਬਰ੍ਹੇ  ਦੇ ਕਿਸਾਨ ਬਹਾਦਰ ਸਿੰਘ ਦੀ ਸਰਫੇਸ ਸੀਡਰ ਦੁਅਰਾ ਬੀਜੀ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਇਹਨਾਂ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਪਾਇਆ ਗਿਆ।ਟੀਮ ‘ਚ ਡਾ. ਗੁਰਵੀਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬੁਢਲਾਡਾ, ਹਰਮਨ ਸਿੰਘ ਖੇਤੀਬਾੜੀ ਉਪ ਨਿਰੀਖਕ,ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ ਜਗਨਨਾਥ ਸ਼ਰਮਾ ਖੇਤੀਬਾੜੀ ਉਪ ਨਿਰੀਖਕ ਰਮਨਦੀਪ ਸਿੰਘ ਸੇਵਾਦਾਰ ਆਦਿ ਮੌਜੂਦ ਸਨ।
  ਡਾ. ਹਰਪ੍ਰੀਤ ਪਾਲ ਕੌਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਆਪਣੇ ਖੇਤਾਂ ਦਾ ਰੋਜਾਨਾ ਦੌਰਾ ਕੀਤਾ ਜਾਵੇ ਅਤੇ ਜੇਕਰ ਕਿਸੇ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾਂਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।