ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 1 ਨਵੰਬਰ 2024: ਜ਼ਿਲ੍ਹੇ ਦੇ ਅਗਾਂਹਵਧੂ ਨੌਜੁਆਨ ਕਿਸਾਨ ਸ਼ਮਨਪ੍ਰੀਤ ਸਿੰਘ ਜੋ ਕਿ ਡੀ ਏ ਪੀ ਦੇ ਬਦਲ ਵਜੋਂ ਐਨ ਪੀ ਕੇ ਵਰਤਦੇ ਹਨ, ਦਾ ਕਹਿਣਾ ਹੈ ਕਿ ਫਾਸਫੋਰਸ ਤੱਤ ਦੀ ਪੂਰਤੀ ਲਈ ਸਾਨੂੰ ਕੇਵਲ ਡੀ ਏ ਪੀ ਦੀ ਵਰਤੋਂ ਕਰਨ ਦੀ ਜਾਂ ਨਿਰਭਰ ਰਹਿਣ ਦੀ ਲੋੜ ਨਹੀਂ। ਉਸ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸ ਵੱਲੋਂ ਡੀ ਏ ਪੀ ਦੀ ਬਹੁਤ ਸੀਮਤ ਵਰਤੋਂ ਕੀਤੀ ਗਈ ਸੀ ਅਤੇ ਉਸਦੇ ਮੁਕਾਬਲੇ ਐਨ ਪੀ ਕੇ 12:32:16 ਦੀ ਵਰਤੋਂ ਕਣਕ ਵਾਸਤੇ ਕੀਤੀ ਗਈ ਸੀ, ਜਿਸ ਦਾ ਨਤੀਜਾ ਬਹੁਤ ਵਧੀਆ ਰਿਹਾ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਉਨ੍ਹਾਂ ਵੱਲੋਂ ਡੀ ਏ ਪੀ ‘ਤੇ ਨਿਰਭਰਤਾ ਘਟਾ ਕੇ ਟਰਿਪਲ ਸੁਪਰਫਾਸਫੇਟ ਦੀ ਵਰਤੋਂ ‘ਤੇ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਫਾਸਫੋਰਸ ਦੀ ਪੂਰਤੀ ਲਈ ਕੇਵਲ ਡੀ ਏ ਪੀ ‘ਤੇ ਹੀ ਨਿਰਭਰਤਾ ਨਾ ਰਹੇ। ਧੜਾਕ ਕਲਾਂ ਦੇ ਸ਼ਮਨਪ੍ਰੀਤ ਸਿੰਘ ਜੋ ਕਿ ਕਣਕ ਦੇ ਨਾਲ-ਨਾਲ ਗੰਨੇ ਅਤੇ ਆਲੂ ਦੀ ਕਾਸ਼ਤ ਵੀ ਕਰਦੇ ਹਨ, ਦਾ ਕਹਿਣਾ ਹੈ ਕਿ ਡੀ ਏ ਪੀ ਚੋਂ ਫਾਸਫੋਰਸ ਦੀ ਪੂਰਤੀ ਨੂੰ ਅਸੀਂ ਆਪਣੀ ਨਿਰਭਰਤਾ ਦਾ ਸਾਧਨ ਬਣਾ ਲਿਆ ਹੈ ਅਤੇ ਅਸੀਂ ਬਦਲਵੇ ਸਰੋਤਾਂ ਦੀ ਵਰਤੋਂ ਕੇਵਲ ਇਸ ਕਰਕੇ ਨਹੀਂ ਕਰਦੇ ਕਿ ਸਾਡਾ ਝਾੜ ਘੱਟ ਜਾਵੇਗਾ, ਪਰੰਤੂ ਉਸ ਵੱਲੋਂ ਅਮਲੀ ਤੌਰ ‘ਤੇ ਬਦਲਵੇਂ ਸਰੋਤ ਤੋਂ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਉਸਨੂੰ ਚੰਗੇ ਨਤੀਜੇ ਮਿਲੇ ਹਨ। ਖਰੜ ਦੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸ਼ੁੱਭਕਰਨ ਸਿੰਘ ਧਾਲੀਵਾਲ, ਕਿਸਾਨ ਸ਼ਮਨਪ੍ਰੀਤ ਸਿੰਘ ਦੀ ਪ੍ਰੋੜਤਾ ਕਰਦੇ ਹੋਏ ਕਹਿੰਦੇ ਹਨ ਕਿ ਸ਼ਰਨਪ੍ਰੀਤ ਸਿੰਘ ਵੱਲੋਂ ਫਾਸਫੋਰਸ ਦੀ ਡੀ ਏ ਪੀ ਤੋਂ ਨਿਰਭਰਤਾ ਘਟਾ ਕੇ, ਹੋਰਨਾਂ ਫਾਸਫੋਰਸ ਸਰੋਤਾਂ ਤੋਂ ਪੂਰਤੀ ਕੀਤੀ ਗਈ ਹੈ ਜਿਸ ਨਾਲ ਜਿੱਥੇ ਡੀ ਏ ਪੀ ‘ਤੇ ਨਿਰਭਰਤਾ ਘਟੀ ਹੈ, ਉਥੇ ਬਾਜ਼ਾਰ ਵਿੱਚ ਮੌਜੂਦ ਹੋਰ ਫਾਸਫੋਰਸ ਸਰੋਤਾਂ ‘ਤੇ ਵਿਸ਼ਵਾਸ ਬਣਿਆ ਹੈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਐਨ ਪੀ ਕੇ 12:32:16 ਵਿੱਚ 32 ਫੀਸਦੀ ਫਾਸਫੋਰਸ ਤੱਤ ਤਾਂ ਹੁੰਦਾ ਹੀ ਹੈ, ਨਾਲ ਹੀ ਨਾਈਟ੍ਰੋਜਨ ਤੇ ਪੋਟਾਸ਼ ਵੀ ਮਿਲਦਾ ਹੈ ਜਦਕਿ ਇੱਕ ਹੋਰ ਬਦਲਵੇਂ ਸਰੋਤ ਟਰਿਪਲ ਸੁਪਰਫਾਸਫੇਟ ਵਿੱਚ 46 ਫੀਸਦੀ ਫਾਸਫੋਰਸ ਦੀ ਮਾਤਰਾ ਮੌਜੂਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਡੀ ਏ ਪੀ ਦੇ ਕਈ ਬਦਲ ਮੌਜੂਦ ਹਨ, ਇਸ ਕਰਕੇ ਸਾਨੂੰ ਕੇਵਲ ਇੱਕ ਖਾਦ ‘ਤੇ ਹੀ ਨਿਰਭਰ ਨਾ ਰਹਿ ਕੇ, ਹੋਰ ਬਦਲਵੇਂ ਸਰੋਤਾਂ ਤੋਂ ਵੀ ਫਾਸਫੋਰਸ ਦੀ ਪੂਰਤੀ ਕਰ ਲੈਣੀ ਚਾਹੀਦੀ ਹੈ।