ਨਵੀਆਂ ਚੁਣੀਆਂ ਪੰਚਾਇਤਾਂ ਬਿਨਾ ਭੇਦਭਾਵ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ- ਈਟੀਓ

Amritsar Politics Punjab

ਅੰਮ੍ਰਿਤਸਰ, 20 ਅਕਤੂਬਰ 2024 ()
 ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ  ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਕਿਹਾ ਕਿ ਉਹ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਂਬੱਧ ਢੰਗ ਨਾਲ ਪਲਾਨਿੰਗ ਕਰਨ।
   ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਜੰਡ, ਪੱਲਾ, ਵਡਾਲਾ ਜੌਹਲ, ਸਫੀਪੁਰ, ਚੌਹਾਨ, ਧਾਰੜ ਦੇ ਪੰਚਾ, ਸਰਪੰਚਾਂ ਦਾ ਸਨਮਾਨ ਕਰਨ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਉਹਨਾਂ ਕਿਹਾ ਕਿ ਜੇਤੂ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਆਪ ਵਰਕਰਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਜਮੀਨੀ ਪੱਧਰ ਤੇ ਘਰ ਘਰ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਵਿਕਾਸ ਨੂੰ ਪ੍ਰਮੁੱਖਤਾ ਦਿੱਤੀ ਹੈ, ਨੇਕ ਨੀਅਤ ਇਮਾਨਦਾਰ ਸਰਕਾਰ ਨੇ ਲੋਕਾਂ ਦਾ ਦਿਲ ਜਿੱਤਿਆ ਹੈ।
     ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲਾ ਪੰਚਾਇਤਾਂ ਦੀਆਂ ਚੋਣਾਂ 2024 ਦੀਆਂ ਚੋਣਾਂ ਦੀ ਤਰਾਂ ਨਿਰਪੱਖ ਨਹੀ ਹੁੰਦੀਆਂ ਸਨ, ਸਗੋਂ ਧੱਕੇਸ਼ਾਹੀ ਅਤੇ ਪਰਚਿਆਂ ਦੀ ਰਾਜਨੀਤੀ ਦਾ ਬੋਲਬਾਲਾ ਸੀ। ਸਾਡੇ ਆਮ ਘਰਾਂ ਦੇ ਉਮੀਦਵਾਰਾਂ ਨੇ ਵੱਡੇ ਵੱਡੇ ਧੱਕੇਸ਼ਾਹਾਂ ਨੂੰ ਪਲਟ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਚੋਣਾਂ ਤੋ ਬਾਅਦ ਸਕੂਨ ਵਾਲਾ ਮਾਹੌਲ ਹੈ, ਇਹ ਸਾਡੀ ਜਿੱਤ ਦੇ ਅਸਲ ਚਿੰਨ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਪੰਚਾਂ, ਸਰਪੰਚਾਂ ਤੇ ਪਿੰਡਾਂ ਦੇ ਵਿਕਾਸ ਦੀ ਜਿੰਮੇਵਾਰੀ ਆ ਗਈ ਹੈ, ਇਸ ਨੂੰ ਬਿਨਾ ਭੇਦਭਾਵ ਤੇ ਬਿਨਾ ਪੱਖਪਾਤ ਤੋ ਨਿਭਾਉਣਾ ਹੈ, ਸਾਝੀਆਂ ਸੱਥਾਂ ਵਿਚ ਬੈਠ ਕੇ ਯੋਜਨਾਬੱਧ ਢੰਗ ਨਾਲ ਵਿਕਾਸ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਜਾਵੇ ਅਤੇ ਜਦੋਂ ਅਸੀ ਧੰਨਵਾਦੀ ਦੌਰੇ ਤੇ ਹਰ ਪਿੰਡ ਵਿਚ ਆਵਾਂਗੇ ਤਾਂ ਉਸ ਸਮੇਂ ਇਸ ਬਾਰੇ ਪਿੰਡ ਦੇ ਸਰਬਸਾਝੇ ਹਿੱਤ ਵਿਚ ਫੈਸਲੇ ਲਏ ਜਾਣ। ਉਨ੍ਹਾਂ ਨੇ ਕਿਹਾ ਕਿ ਧੜੇਬੰਦੀ ਤੋ ਉੱਪਰ ਉੱਠ ਕੇ ਵਿਕਾਸ ਕਰਨ ਦੀ ਜਰੂਰਤ ਹੈ। ਵੈਰ ਵਿਰੋਧ ਨੂੰ ਤਿਆਗ ਕੇ ਪਿੰਡਾਂ ਵਿਚ ਫਿਰਕੂ ਸਦਭਾਵਨਾਂ ਨੂੰ ਕਾਇਮ ਰੱਖਣਾ, ਖੇਡ ਮੈਦਾਨਾਂ ਵਿਚ ਰੋਣਕਾਂ, ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ, ਸਿਹਤ ਸਹੂਲਤਾਂ ਲੋਕਾਂ ਦੇ ਘਰਾਂ ਨੇੜੇ ਉਪਲੱਬਧ ਕਰਵਾਉਣਾ ਸਾਡਾ ਮੁੱਖ ਏਜੰਡਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਿਕਾਸ ਕੰਮਾਂ ਨੂੰ ਕਰਵਾਉਣ ਲਈ ਫੰਡਾਂ ਦੀ ਕਮੀ ਨਹੀ ਆਵੇਗੀ ਸਗੋਂ  ਪਿੰਡਾਂ ਵਿਚ ਪੀਣ ਵਾਲਾ ਪਾਣੀ, ਗੰਦੇ ਪਾਣੀ ਦੀ ਨਿਕਾਸੀ, ਸਫਾਈ, ਰੋਸ਼ਨੀ, ਛੱਪੜਾ ਦੀ ਸਫਾਈ, ਧਰਮਸ਼ਾਲਾ ਤੇ ਹੋਰ ਇਮਾਰਤਾਂ ਦੀ ਉਸਾਰੀ ਨੂੰ ਪ੍ਰਮੁੱਖਤਾਂ ਦਿੱਤੀ ਜਾਵੇਗੀ।