ਵਿਧਾਇਕ ਬੱਗਾ ਦੀ ਅਗਵਾਈ ‘ਚ ਪਿੰਕ ਪਲਾਜ਼ਾ ਮਾਰਕੀਟ ‘ਚ ਨਵੇਂ ਪਖਾਨਿਆਂ ਦੀ ਸ਼ੁਰੂਆਤ

Ludhiana

ਲੁਧਿਆਣਾ, 6 ਅਗਸਤ (000) – ਹਲਕੇ ਨੂੰ ਸਾਫ-ਸੁੱਥਰਾ ਅਤੇ ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੀ ਅਗਵਾਈ ਵਿੱਚ ਸਥਾਨਕ ਪਿੰਕ ਪਲਾਜ਼ਾ ਮਾਰਕੀਟ, ਚੌੜਾ ਬਾਜਾਰ ਵਿਖੇ ਪਖਾਨਿਆਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕੀਤੀ ਗਈ।

ਵਿਧਾਇਕ ਬੱਗਾ ਨੇ ਦੱਸਿਆ ਕਿ ਸਥਾਨਕ ਮਾਰਕੀਟ ਅਤੇ ਆਮ ਲੋਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ। ਦੁਕਾਨਦਾਰਾਂ ਅਤੇ ਗਾਹਕਾਂ ਜਿਨ੍ਹਾਂ ਵਿੱਚ ਔਰਤਾਂ ਤੇ ਬੱਚਿਆਂ ਨੂੰ ਨਜਦੀਕ ਪਖਾਨੇ ਨਾ ਹੋਣ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈਂਦਾ ਸੀ ਅਤੇ ਹੁਣ ਇਨ੍ਹਾਂ ਪਖਾਨਿਆਂ ਦੇ ਨਿਰਮਾਣ ਕਾਰਜ ਮੁਕੰਮਲ ਹੋਣ ਤੋਂ ਬਾਅਦ ਰਾਹਤ ਮਿਲੇਗੀ। ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾਣਗੇ।

ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਵਿਧਾਇਕ ਬੱਗਾ ਦੇ ਇਸ ਨੇਕ ਕਾਰਜ਼ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੌੜਾ ਬਾਜ਼ਾਰ ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਪ੍ਰਮੁੱਖ ਮਾਰਕੀਟ ਹੈ ਜਿੱਥੇ ਦੂਰ-ਦੁਰਾਡੇ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਵਪਾਰੀ ਵਰਗ ਅਤੇ ਆਮ ਲੋਕ ਖਰੀਦ-ਫਰੋਖਤ ਕਰਨ ਆਉਂਦੇ ਹਨ, ਨੂੰ ਵੀ ਇਸ ਸਹੂਲਤ ਦਾ ਲਾਭ ਮਿਲੇਗਾ।

ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਵੱਛ ਤੇ ਹਰਿਆ ਭਰਿਆ ਵਾਤਾਵਰਣ, ਮਿਆਰੀ ਸਿੱਖਿਆ, ਸਿਹਤ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।