ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਜਲਦੀ ਮੁਹਈਆ ਕਰਵਾਈਆਂ ਜਾਣਗੀਆਂ ਨਵੀਆਂ ਰੇਹੜੀਆਂ

Politics Punjab

ਬਸੀ ਪਠਾਣਾ, 09 ਫਰਵਰੀ 

ਨਗਰ ਕੌਂਸਲ ਬਸੀ ਪਠਾਣਾ ਵੱਲੋਂ ਸ਼ਹਿਰ ਦੀ ਸਾਫ ਸਫਾਈ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸ਼ਹਿਰ ਵਿੱਚੋਂ ਕੂੜਾ ਕਰਕਟ ਇਕੱਤਰ ਕਰਨ ਵਾਸਤੇ ਜਿੱਥੇ ਨਗਰ ਕੌਂਸਲ ਦੇ ਵਾਹਨ ਭੇਜੇ ਜਾਂਦੇ ਹਨ ਉੱਥੇ ਹੀ ਗਲੀਆਂ ਆਦਿ ਵਿੱਚੋਂ ਕੂੜਾ ਚੱਕਣ ਲਈ ਸਫਾਈ ਸੇਵਕਾਂ ਨੂੰ ਛੇਤੀ ਹੀ ਨਵੀਆਂ ਰੇਹੜੀਆਂ ਮੁਹਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਸਫਾਈ ਸੇਵਕਾਂ ਵਾਸਤੇ ਸਵੱਛ ਭਾਰਤ ਮਿਸ਼ਨ ਅਧੀਨ ਨਵੀਆਂ ਰੇਹੜੀਆਂ ਤੇ ਹੋਰ ਲੋੜੀਂਦਾ ਸਮਾਨ ਖਰੀਦ ਲਿਆ ਗਿਆ ਹੈ ਤੇ ਬਾਕੀ ਰਹਿੰਦੀ ਕਾਰਵਾਈ ਛੇਤੀ ਹੀ ਮੁਕੰਮਲ ਕਰਕੇ ਇਹ ਰੇੜੀਆਂ ਸਫਾਈ ਸੇਵਕਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ।

ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਸਾਫ ਸਫਾਈ ਨਗਰ ਕੌਂਸਲ ਦੇ ਤਲਜੀਹੀ ਕੰਮਾਂ ਵਿੱਚ ਸ਼ਾਮਿਲ ਹੈ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਾਸਤੇ ਕੌਂਸਲ ਵੱਲੋਂ ਲਗਾਤਾਰ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ।

ਸ. ਸੁਖਦੇਵ ਸਿੰਘ ਨੇ ਬਸੀ ਪਠਾਣਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ ਚਲਾਈ ਜਾ ਰਹੀ ਸਫਾਈ ਮੁਹਿੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇ ਅਤੇ ਆਪਣੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਨਗਰ ਕੌਂਸਲ ਦੀਆਂ ਕੂੜਾ ਇਕੱਤਰ ਕਰਨ ਲਈ ਆਉਣ ਵਾਲੀਆਂ ਟੀਮਾਂ ਨੂੰ ਵੱਖ ਵੱਖ ਕਰਕੇ ਦਿੱਤਾ ਜਾਵੇ।