ਫਾਜ਼ਿਲਕਾ ਪ੍ਰਸ਼ਾਸਨ ਦੀ ਨਵੀਂ ਪਹਿਲਕਦਮੀ, ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵਿਖਾਈ ਜਾਵੇਗੀ 12ਵੀਂ ਫੇਲ ਮੂਵੀ

Fazilka

ਫਾਜ਼ਿਲਕਾ, 26 ਮਈ :
1 ਜੂਨ ਨੂੰ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਮਤਦਾਨ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਨੇ ਇਕ ਨਵੀਂ ਪਹਿਲਕਦਮੀ ਕੀਤੀ ਹੈ ਜਿਸ ਤਹਿਤ ਪਹਿਲੀ ਵਾਰ ਮਤਦਾਨ ਕਰਨ ਵਾਲੇ ਨੌਜਵਾਨਾਂ ਨੂੰ 12ਵੀਂ ਫੇਲ ਮੂਵੀ ਦੀ ਵਿਸੇਸ਼ ਸਕਰੀਨਿੰਗ ਕਰਵਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਵੋਟ ਦਾ ਅਧਿਕਾਰ ਸਾਡੇ ਸੰਵਿਧਾਨਕ ਤਾਣੇ-ਬਾਣੇ ਦਾ ਆਧਾਰ ਹੈ ਅਤੇ ਸਾਰੇ ਵੋਟਰ ਆਪਣੇ ਹੱਕ ਦੀ ਵਰਤੋਂ ਕਰਨ ਲਈ ਅੱਗੇ ਆਉਣ ਤਾਂ ਜੋ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਸਕਣ।

ਇਹ ਫਿਲਮ ਵੋਟਾਂ ਵਾਲੇ ਦਿਨ ਤੋਂ ਬਾਅਦ 2 ਜੂਨ ਨੂੰ ਅਬੋਹਰ ਅਤੇ ਜਲਾਲਾਬਾਦ ਵਿਖੇ ਦਿਖਾਈ ਜਾਵੇਗੀ। ਇਸ ਲਈ 1 ਜੂਨ ਨੂੰ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਅਗਲੇ ਦਿਨ ਮੁਫਤ ਫਿਲਮ ਦੇਖਣ ਲਈ ਕੂਪਨ ਦਿੱਤੇ ਜਾਣਗੇ।

ਸਭ ਤੋਂ ਵੱਧ ਵੋਟਿੰਗ ਪ੍ਰਤੀਸ਼ਤਤਾ ਨੂੰ ਯਕੀਨੀ ਬਣਾਉਣ ਦੇ ਯਤਨਾਂ ਦੇ ਹਿੱਸੇ ਵਜੋਂ, ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਫਿਲਮ ਦੀ ਸਕ੍ਰੀਨਿੰਗ ਕਰੇਗਾ, ਜੋ ਕਿ ਭਾਰਤੀ ਪੁਲਿਸ ਸੇਵਾਵਾਂ (ਆਈਪੀਐਸ) ਅਧਿਕਾਰੀ ਮਨੋਜ ਕੁਮਾਰ ਸ਼ਰਮਾ ਦੀ ਅਸਲ ਜ਼ਿੰਦਗੀ ਦੀ ਕਹਾਣੀ ‘ਤੇ ਆਧਾਰਿਤ ਹੈ, ਜੋ ਆਪਣੇ ਜੀਵਨ ਵਿਚ ਵੱਡੀਆਂ ਮੁਸਕਿਲਾਂ ਨਾਲ ਲੜਦਾ ਹੋਇਆ ਆਖਰਕਾਰ ਸਫਲ ਹੋਇਆ ਸੀ। ਡਾ. ਦੁੱਗਲ ਨੇ ਕਿਹਾ ਕਿ ਉਨ੍ਹਾਂ ਦੀ ਜੀਵਨੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣ ਸਕਦੀ ਹੈ।

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਚੱਲ ਰਹੀਆਂ ਲੋਕ ਸਭਾ ਚੋਣਾਂ ਵਿੱਚ 70% ਤੋਂ ਵੱਧ ਮਤਦਾਨ ਦੇ ਟੀਚੇ ਪ੍ਰਾਪਤੀ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਵਾਰ 70 ਪਾਰ ਮੁਹਿੰਮ ਨੂੰ ਵੋਟਰਾਂ ਦੇ ਸਾਰੇ ਵਰਗਾਂ ਤੋਂ ਸਮਰੱਥਨ ਮਿਲ ਰਿਹਾ ਹੈ।

ਪੰਜਾਬ ਵਿੱਚ ਲਗਭਗ 2.14 ਕਰੋੜ ਯੋਗ ਵੋਟਰ ਹਨ, ਜਿਨ੍ਹਾਂ ਵਿੱਚੋਂ 5.38 ਲੱਖ 18-19 ਸਾਲ ਦੇ ਵਰਗ ਵਿੱਚ ਹਨ, ਡਾ. ਦੁੱਗਲ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਫਾਜ਼ਿਲਕਾ ਹਮੇਸ਼ਾ ਸਭ ਤੋਂ ਵੱਧ ਵੋਟਿੰਗ ਵਾਲੇ ਜ਼ਿਲ੍ਹਿਆਂ ਵਿੱਚ ਰਿਹਾ ਹੈ ਅਤੇ ਅਸੀਂ ਸਾਰਿਆਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਕੇ ਇਸ ਪ੍ਰਤੀਸ਼ਤ ਨੂੰ ਹੋਰ ਅੱਗੇ ਵਧਾਉਣ ਲਈ ਦ੍ਰਿੜ ਹਾਂ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਹੱਦ ਦੀ ਵਰਤੋਂ ਜਰੂਰ ਕਰਨ ਅਤੇ ਬਿਨ੍ਹਾਂ ਕਿਸੇ ਲਾਲਚ ਜਾਂ ਡਰ ਭੈਅ ਦੇ ਵੋਟ ਪਾਉਣ ਲਈ ਪੋਲਿੰਗ ਬੂਥ ਤੇ ਆਉਣ।
ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ 7ਵੇਂ ਗੇੜ ਦੀਆਂ ਲੋਕ ਸਭਾ ਚੋਣਾਂ ਦੌਰਾਨ 1 ਜੂਨ ਨੂੰ ਸਿੰਗਲ ਫੇਜ਼ ਵਿੱਚ ਵੋਟਿੰਗ ਹੋਣੀ ਹੈ। ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।