ਅਮਲੋਹ/ਫ਼ਤਹਿਗੜ੍ਹ ਸਾਹਿਬ, 17 ਫਰਵਰੀ:-
ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਮਲੋਹ ਦੇ ਵਿਧਾਇਕ ਸ. ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਸੁਚੱਜੀ ਅਗਵਾਈ ਹੇਠ ਬਲਾਕ ਅਮਲੋਹ ਵਿਖੇ ਮਗਨਰੇਗਾ ਸਕੀਮ ਅਧੀਨ ਪਿੰਡਾਂ ਦੇ ਵਿਕਾਸ ਕਾਰਜ ਵੱਡੇ ਪੱਧਰ ਤੇ ਕਰਵਾਏ ਜਾ ਰਹੇ ਹਨ। ਮਗਨਰੇਗਾ ਸਕੀਮ ਦਾ ਮੁੱਖ ਮੰਤਵ ਪਿੰਡਾਂ ਦੇ ਗਰੀਬ ਪਰਿਵਾਰਾਂ ਨੂੰ ਰੋਜ਼ਗਾਰ ਦੇ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ, ਇਸ ਐਕਟ ਤਹਿਤ ਇੱਕ ਵਿੱਤੀ ਸਾਲ ਦੌਰਾਨ ਕਿਸੇ ਵੀ ਦਿਹਾਤੀ ਪਰਿਵਾਰ ਦੇ ਬਾਲਗ ਗੈਰ ਹੁਨਰਮੰਦ ਮੈਂਬਰਾਂ ਨੂੰ, ਜੋ ਹੱਥੀਂ ਕਿਰਤ ਕਰਨਾ ਚਾਹੁੰਦੇ ਹੋਣ, 100 ਦਿਨ ਦਾ ਰੋਜ਼ਗਾਰ ਦਿੱਤਾ ਜਾਂਦਾ ਹੇਂ। ਇਸ ਸਕੀਮ ਅਧੀਨ ਜਿਥੇ ਗਰੀਬ ਲੋਕਾਂ ਦਾ ਆਰਥਿਕ ਪੱਧਰ ਉਚਾ ਚੁੱਕਿਆ ਜਾ ਸਕਦਾ ਹੈ ਉਥੇ ਹੀ ਮਗਨਰੇਗਾ ਸਕੀਮ ਅਧੀਨ ਪਿੰਡਾਂ ਦਾ ਸਰਵਪੱਖੀ ਵਿਕਾਸ ਵੀ ਕਰਵਾਇਆ ਜਾਂਦਾ ਹੈ। ਇਸ ਲਈ ਸਮੂਹ ਗਰਾਮ ਪੰਚਾਇਤਾਂ ਤੇ ਨਵੇਂ ਚੁਣੇ ਸਰਪੰਚ ਆਪਣੇ ਪਿੰਡਾਂ ਦੇ ਵੱਧ ਤੋਂ ਵੱਧ ਵਿਕਾਸ ਕਾਰਜ ਮਗਨਰੇਗਾ ਅਧੀਨ ਕਰਵਾਉਣ ਨੂੰ ਤਰਜ਼ੀਹ ਦੇਣ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ ਨੇ ਬਲਾਕ ਅਮਲੋਹ ਦੀਆਂ ਸਮੂਹ ਗਰਾਮ ਪੰਚਾਇਤਾਂ ਤੇ ਨਵੇਂ ਚੁਣੇ ਸਰਪੰਚਾਂ ਨੂੰ ਵਿਕਾਸ ਕੰਮਾਂ ਸਬੰਧੀ ਟਰੇਨਿੰਗ ਦੇਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਜਾਬ ਕਾਰਡ ਮਗਨਰੇਗਾ ਸਕੀਮ ਦਾ ਮੁੱਖ ਦਸਤਾਵੇਜ ਹੈ ਜੋ ਕਿ ਮਗਨਰੇਗਾ ਲਾਭਪਾਤਰੀ ਦੇ ਹੱਕਾਂ ਨੂੰ ਰਿਕਾਰਡ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਅਨੁਸਾਰ ਮਗਨਰੇਗਾ ਲਾਭਪਾਤਰੀ ਦੀ ਮੰਗ ਅਨੁਸਾਰ 15 ਦਿਨਾਂ ਦੇ ਅੰਦਰ-ਅੰਦਰ ਰੋਜ਼ਗਾਰ ਮੁਹੱਈਆ ਕਰਵਾ ਕੇ ਸਮੇਂ ਸਿਰ ਅਦਾਇਗੀ ਕਰਨੀ ਹੁੰਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਗਰਾਮ ਪੰਚਾਇਤਾਂ ਤੇ ਨਵੇਂ ਚੁਣੇ ਸਰਪੰਚਾਂ ਨੂੰ ਮਗਨਰੇਗਾ ਸਕੀਮ ਅਧੀਨ ਪ੍ਰਵਾਨਤ 260 ਕੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਕਨਵਰਜੈਂਸ ਰਾਹੀਂ ਕੰਮ ਕਰਵਾਏ ਜਾ ਸਕਦੇ ਹਨ ਜਿਵੇ ਕਿ ਖੇਡ ਮੈਦਾਨਾਂ ਦਾ ਨਿਰਮਾਣ, ਆਂਗਨਵਾੜੀ ਸੈਂਟਰਾਂ ਦੀ ਉਸਾਰੀ, ਨਹਿਰਾਂ/ਡਰੇਨਜ ਦੇ ਕਿਨਾਰਿਆਂ ਦੀ ਸਟਰੈਥਿੰਗ ਕਰਨਾ, ਬੂਟੇ ਲਗਾਉਣ ਅਤੇ ਨਰਸਰੀਆਂ ਤਿਆਰ ਕਰਨ ਆਦਿ ਦੇ ਕੰਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐਨ.ਜੀ.ਓ. ਦੁਆਰਾ ਸੋਲਿਡ ਵੇਸਟ ਮੈਨੇਜਮੇਂਟ ਅਤੇ ਬੂਟੇ ਲਗਾਉਣ ਦੇ ਕੰਮਾਂ ਵਿੱਚ ਵੀ ਸਹਿਯੋਗ ਦਿੱਤਾ ਜਾਂਦਾ ਹੈ।
ਸ. ਧਾਲੀਵਾਲ ਨੇ ਸਮੂਹ ਸਰਪੰਚਾਂ ਨੂੰ ਵਿਕਾਸ ਕਾਰਜਾਂ ਤੇ ਲਗਾਏ ਜਾਣ ਵਾਲੇ ਕੰਮਾਂ ਤੇ ਫੰਡਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਫੰਡ, 15ਵੇਂ ਵਿੱਤ ਕਮਿਸ਼ਨ ਫੰਡ, ਐਮ.ਪੀ.ਲੈਂਡ ਫੰਡ ਆਦਿ ਗਰਾਟਾਂ ਵੀ ਮਗਨਰੇਗਾ ਸਕੀਮ ਅਧੀਨ ਕੰਨਵਰਜੈਂਸ ਕਰਕੇ ਵਿਕਾਸ ਕਾਰਜ ਕਾਰਵਾਏ ਜਾ ਸਕਦੇ ਹਨ, ਜਿਸ ਨਾਲ ਜਿਲ੍ਹੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕਦਾ ਹੈ। ਇਸ ਸਮੇਂ ਸ੍ਰੀ ਮੋਹਿਤ ਕਲਿਆਣ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਅਮਲੋਹ, ਸਮੂਹ ਪੰਚਾਇਤ ਸਕੱਤਰ ਅਤੇ ਬਲਾਕ ਅਮਲੋਹ ਦੇ ਸਮੂਹ ਮਗਨਰੇਗਾ ਕਰਮਚਾਰੀ ਹਾਜਰ ਸਨ।