ਅੰਮ੍ਰਿਤਸਰ 1 ਅਗਸਤ 2024—
ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੇਨ” ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫ਼ਸਰ ਸ੍ਰੀ ਭਰਤ ਭੂਸ਼ਨ ਵਰਮਾ ਨੇ ਅੱਜ ਜਿਲ੍ਹਾ ਅਧਿਕਾਰੀਆਂ ਨਾਲ ਜਲ ਸ਼ਕਤੀ ਅਭਿਆਨ ਸਬੰਧੀ ਮੀਟਿੰਗ ਕਰਦਿਆਂ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਦੀ ਗੁਣਵੱਤਾ ਦੀ ਜਾਂਚ ਜ਼ਰੂਰ ਕੀਤੀ ਜਾਵੇ ਤਾਂ ਜੋ ਪਤਾ ਲਗ ਸਕੇ ਕਿ ਰੀਚਾਰਜ਼ ਕੀਤਾ ਗਿਆ ਪਾਣੀ ਕਿੰਨੀ ਮਾਤਰਾ ਤੱਕ ਸਹੀ ਹੈ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਦਾ ਮੁੱਖ ਟੀਚਾ ਪਾਣੀ ਬਚਾਓ, ਪਾਣੀ ਦੀ ਬਚਤ, ਨਵੀਆਂ ਸਿੰਚਾਈ ਵਿਧੀਆਂ, ਵਾਟਰ ਹਾਰਵੈਸਟਿੰਗ ਅਤੇ ਪਾਣੀ ਦੀ ਦੁਰਵਰਤੋਂ ਹੋਣ ਤੋਂ ਬਚਾਉਣ ਸਬੰਧੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਲਈ ਬਾਰਿਸ਼ ਦੇ ਪਾਣੀ ਨੂੰ ਰੀਚਾਰਜ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਰੋਕਿਆ ਜਾ ਸਕੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਉਂਡ ਜਲ ਬੋਰਡ ਨਵੀਂ ਦਿੱਲੀ ਨੇ ਕਿਹਾ ਕਿ ਰੀਚਾਰਜ਼ ਕੀਤੇ ਗਏ ਪਾਣੀ ਨੂੰ ਖੇਤੀ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਪਾਣੀ ਦੇ ਡਿੱਗਦੇ ਪੱਧਰ ਨੂੰ ਵੀ ਰੋਕਿਆ ਜਾ ਸਕੇਗਾ ਅਤੇ ਜਮੀਨੀ ਪੱਧਰ ਤੇ ਅਸੀਂ ਪਾਣੀ ਉੱਤੇ ਘੱਟ ਨਿਰਭਰ ਹੋਵਾਂਗੇ। ਉਨਾਂ ਕਿਹਾ ਕਿ ਜਲ ਸ਼ਕਤੀ ਅਭਿਆਨ ਵਿੱਚ ਯੁਵਕਾਂ ਦੀ ਭਾਗੀਦਾਰੀ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦਾ ਯੂਵਾ ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਬਚਾਉਣ ਦਾ ਸੰਕਲਪ ਲੈਣ। ਇਸ ਮੌਕੇ ਮੀਟਿੰਗ ਦੇ ਕਨਵੀਨਰ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਡਲ ਭੂਮੀ ਰੱਖਿਆ ਅਫ਼ਸਰ ਸ: ਰਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਾਣੀ ਦੀ ਸਾਂਭ ਸੰਭਾਲ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਅਤੇ ਉਨਾਂ ਨੇ ਕੀਤੇ ਗਏ ਕੰਮਾਂ ਸਬੰਧੀ ਜਾਣਕਾਰੀ ਵੀ ਦਿੱਤੀ।
ਇਸ ਉਪਰੰਤ ਜਲ ਸ਼ਕਤੀ ਅਭਿਆਨ ਦੀ ਟੀਮ ਵਲੋਂ ਪਿੰਡ ਧਰਦਿਓ ਦਾ ਦੌਰਾ ਕਰਕੇ ਉਥੇ ਚੱਲ ਰਹੇ ਕੰਮਾਂ ਦਾ ਜਾਇਜਾ ਵੀ ਲਿਆ ਅਤੇ ਪਾਣੀ ਬਚਾਉਣ ਦੇ ਢੰਗ ਵੀ ਦੇਖੇ ਅਤੇ ਉਥੇ ਚਲ ਰਹੇ ਸੋਲਰ ਦੀ ਮਦਦ ਨਾਲ ਛੱਪੜ ਦੀ ਸਿੰਚਾਈ ਕਰਨ ਦੇ ਪ੍ਰੋਜੈਕਟ ਦਾ ਜਾਇਜਾ ਵੀ ਲਿਆ। ਇਸ ਮੌਕੇ ਟੀਮ ਵਲੋਂ ਪਿੰਡ ਧਰਦਿਓ ਦੇ ਸਕੂਲ ਵਿੱਖੇ ਵਾਤਾਵਰਨ ਦੀ ਸਵੱਛਤਾ ਨੂੰ ਬਰਕਾਰ ਰੱਖਣ ਲਈ ਪੌਦਾ ਵੀ ਲਗਾਇਆ ਗਿਆ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਮੈਡਮ ਪਰਮਜੀਤ ਕੌਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਦੀਪ ਮਲਹੋਤਰਾ, ਜਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਅਮਨੀਤ ਸਿੰਘ, ਐਸ.ਡੀ.ਓ ਪੁੱਡਾ ਸ: ਜਗਬੀਰ ਸਿੰਘ, ਐ.ਸ.ਡੀ.ਓ. ਮਜੀਠਾ ਸ: ਧਰਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸ: ਤਜਿੰਦਰ ਸਿੰਘ , ਐਸ.ਡੀ.ਓ. ਪੰਚਾਇਤੀ ਰਾਜ ਸ: ਗੁਰਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ : ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫ਼ਸਰ ਸ੍ਰੀ ਭਰਤ ਭੂਸ਼ਨ ਵਰਮਾ ਜਿਲ੍ਹਾ ਅਧਿਕਾਰੀਆਂ ਨਾਲ ਜਲ ਸ਼ਕਤੀ ਅਭਿਆਨ ਸਬੰਧੀ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ