7 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ ਕੌਮੀ ਖੁਰਾਕ ਹਫ਼ਤਾ: ਡਾ ਨਵਦੀਪ ਕੌਰ ਸਰਾਂ

Bathinda

ਬਠਿੰਡਾ, 2 ਸਤੰਬਰ : ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਨਵਦੀਪ ਕੌਰ ਸਰਾਂ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਖ ਵਿੱਚ ਜ਼ਿਲ੍ਹੇ ’ਚ 7 ਸਤੰਬਰ ਤੱਕ @Feeding Smart Right From Start” ਥੀਮ ਹੇਠ ਕੌਮੀ ਖੁਰਾਕ ਹਫ਼ਤਾ ਮਨਾਇਆ ਜਾ ਰਿਹਾ ਹੈ।

ਇਸ ਹਫ਼ਤੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਸਰਾਂ ਨੇ ਦੱਸਿਆ ਕਿ ਕੌਮੀ ਖੁਰਾਕ ਹਫ਼ਤੇ ਦਾ ਉਦੇਸ਼ ਗਰਭਵਤੀ ਔਰਤਾਂ, ਨਵ ਜੰਮੇ ਬੱਚਿਆਂ ਅਤੇ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦੇ ਨਾਲ-ਨਾਲ ਹਰ ਉਮਰ ਵਰਗ ਦੇ ਲੋਕਾਂ ਨੂੰ ਸੰਤੁਲਿਤ ਭੋਜਨ ਤੇ ਸੰਤੁਲਿਤ ਭੋਜਨ ਦੇ ਸੋਮਿਆਂ ਸਬੰਧੀ ਜਾਗਰੂਕ ਕਰਨਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸਾਰਾ ਸਾਲ ਹੀ ਸੰਤੁਲਿਤ ਭੋਜਨ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ, ਪਰ ਇਸ ਹਫ਼ਤੇ ਵਿੱਚ ਇੱਕ ਵਿਸ਼ੇਸ ਮੁਹਿੰਮ ਵਿੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਮਲਕੀਤ ਕੌਰ ਨੇ ਦੱਸਿਆ ਕਿ ਹਰ ਇਨਸਾਨ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਆਪਣੀ ਰੁਝੇਵੇ ਭਰੇ ਕੰਮਾਂ ਦੇ ਨਾਲ ਨਾਲ ਆਪਣੇ ਭੋਜਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਆਦਮੀ ਨੂੰ ਆਪਣੇ ਰੋਜਾਨਾ ਲੋੜੀਦੀ ਮਾਤਰਾ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਪਾਣੀ, ਫੈਟ, ਵਿਟਾਮਿਨ, ਖਣਿਜ ਪਦਾਰਥਾਂ ਵਾਲਾ ਭੋਜਨ ਖਾਣਾ ਚਾਹੀਦਾ ਹੈ ਜਿਵੇਂ ਕਿ ਹਰੀਆਂ ਸਬਜ਼ੀਆਂ, ਦੁੱਧ, ਫਲ, ਉਬਲੀਆਂ ਅਤੇ ਪੁੰਗਰੀਆਂ ਦਾਲਾਂ ਆਦਿ।

ਉਨ੍ਹਾਂ ਗਰਭਵਤੀ ਮਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਦੀ ਖੁਰਾਕ ਦਾ ਧਿਆਨ ਰੱਖ ਕੇ ਸਾਫ਼ ਸੁਥਰਾ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ਅਤੇ ਕਿਸੇ ਮਾਹਿਰ ਡਾਕਟਰ ਤੋਂ ਘੱਟੋ-ਘੱਟ 4 ਵਾਰ ਚੈਕਅੱਪ ਕਰਵਾਉਣਾ ਚਾਹੀਦਾ ਹੈ, ਤਾਂ ਜੋ ਕਿ ਤੰਦਰੁਸਤ ਬੱਚਾ ਪੈਦਾ ਹੋਵੇ। ਉਨ੍ਹਾਂ ਆਪਣੀ ਰੋਜਾਨਾ ਦੀ ਖੁਰਾਕ ਵਿੱਚ ਮੌਸਮੀ ਫ਼ਲ ਅਤੇ ਸਬਜੀਆਂ, ਆਂਡਾ, ਪਨੀਰ ਅਤੇ ਸੋਇਆਬੀਨ ਲੈਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬੱਚਿਆਂ ਨੂੰ ਸੂਚੀ ਅਨੁਸਾਰ ਸੰਪੂਰਨ ਟੀਕਾਕਰਣ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਆਪਣੀ ਪੂਰੀ ਜਿੰਦਗੀ 11 ਮਾਰੂ ਬਿਮਾਰੀਆਂ ਤੋਂ ਬਚਿਆ ਰਹੇ।

ਇਸ ਦੌਰਾਨ ਨਰਿੰਦਰ ਕੁਮਾਰ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਆਪਣੇ ਭੋਜਨ ਵਿੱਚ ਆਇਓਡੀਨ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਅਤੇ ਜਨੇਪਾ ਕਿਸੇ ਮਾਹਿਰ ਡਾਕਟਰ ਕੋਲੋਂ ਕਰਵਾਉਣਾ ਚਾਹੀਦਾ ਹੈ। ਬੱਚੇ ਨੂੰ ਜਨਮ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਦੁੱਧ ਪਿਲਾਉਣਾ ਸੁਰੂ ਕਰ ਦੇਣਾ ਚਾਹੀਦਾ ਹੈ ਅਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਛੇ ਮਹੀਨੇ ਤੋਂ ਬਾਅਦ ਮਾਂ ਨੂੰ ਆਪਣੇ ਦੁੱਧ ਦੇ ਨਾਲ ਨਾਲ ਬਾਹਰਲੀ ਖੁਰਾਕ ਵੀ ਦੇਣੀ ਸੁਰੂ ਕਰ ਦੇਣੀ ਚਾਹੀਦੀ ਹੈ ਅਤੇ 2 ਸਾਲ ਤੱਕ ਮਾਂ ਦਾ ਦੁੱਧ ਪਿਲਾਉਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਪੌਸ਼ਟਿਕ ਭੋਜਨ ਬਾਰੇ ਅੱਗੇ ਆਪਣੇ ਘਰ ਵਿੱਚ ਅਤੇ ਗੁਆਂਢੀਆਂ ਨੂੰ ਜਾਗਰੂਕ ਕੀਤਾ ਜਾਵੇ। ਉਹਨਾਂ ਕਿਹਾ ਕਿ ਤਲੇ ਹੋਏ, ਫਾਸਟ ਫੂਡ, ਜ਼ਿਆਦਾ ਨਮਕ, ਜ਼ਿਆਦਾ ਚੀਨੀ, ਸ਼ਰਾਬ ਅਤੇ ਸਿਗਰਟ ਤੋਂ ਪ੍ਰਹੇਜ਼ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਅਸੰਤੁਲਿਤ ਭੋਜਨ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਹਮੇਸ਼ਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਅਤੇ ਸਰੀਰਕ ਕਸਰਤ ਵਿੱਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।