ਜਿ਼ਲ੍ਹਾ ਪੱਧਰ ਤੇ ਮਨਾਇਆ ਗਿਆ ਕੌਮੀ ਮੱਛੀ ਪਾਲਣ ਦਿਵਸ

Sri Muktsar Sahib

ਮਲੋਟ / ਸ੍ਰੀ ਮੁਕਤਸਰ ਸਾਹਿਬ, 10 ਜੁਲਾਈ

ਡੇਮੋਨਸਟ੍ਰੇਸ਼ਨ ਫਾਰਮ ਕਮ ਟ੍ਰੇਨਿੰਗ ਸੈਂਟਰ ਈਨਾ ਖੇੜਾ ਵਿਖੇ ਮੱਛੀ ਪਾਲਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਲੋਂ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ, ਪੰਜਾਬ, ਮੋਹਾਲੀ  ਦੀ ਯੋਗ ਅਗੁਵਾਈ ਹੇਠ ਕੌਮੀ ਪੱਧਰੀ ਵਿਸ਼ਵ ਮੱਛੀ ਪਾਲਣ ਦਿਵਸ 2024 ਮਨਾਇਆ ਗਿਆ ।
                 ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਮੁਕਤਸਰ ਸਾਹਿਬ ਸ੍ਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਦੇ ਵਾਧੇ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
                 ਉਹਨਾਂ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਚੱਕਰ ਵਿਚੋਂ ਕਢ ਕੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮੱਛੀ ਪਾਲਣ ਇੱਕ ਲਾਭਕਾਰੀ ਕਿੱਤਾ ਹੈ ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਵੱਡਾ ਵਾਧਾ ਕਰ ਸਕਦੇ ਹਨ,  ਜਿਸ ਦਾ ਅਸਰ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਦੇਖਣ ਨੂੰ ਵੀ ਮਿਲਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਕੌਮੀ ਮੱਛੀ ਪਾਲਕ ਦਿਵਸ ਪ੍ਰਸਿੱਧ ਵਿਗਿਆਨੀ ਪ੍ਰੋ. ਡਾ. ਹੀਰਾਲਾਲ ਚੌਧਰੀ ਅਤੇ ਡਾ. ਕੇ.ਐਚ. ਅਲੀਕੁਨਹੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ 10 ਜੁਲਾਈ 1957 ਨੂੰ ਭਾਰਤ ਵਿੱਚ ਪਹਿਲੀ ਵਾਰ ਕਾਰਪ ਮੱਛੀਆਂ ਦੇ ਪ੍ਰਜਨਨ ਰਾਹੀਂ ਭਾਰਤੀ ਮੱਛੀ ਪਾਲਣ ਦੇ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਸੀ।
                    ਇਸ ਮੌਕੇ ਤੇ ਸ਼੍ਰੀ ਮਨਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਬਠਿੰਡਾ ਅਤੇ ਸ਼੍ਰੀ ਜਗਵਿੰਦਰ ਸਿੰਘ, ਫਾਰਮ ਸੁਪਰਡੈਂਟ, ਫਰੀਦਕੋਟ ਨੇ ਫਾਰਮਰਾਂ ਦਾ ਉਤਸ਼ਾਹ ਵਧਾਇਆ ਅਤੇ ਕਪੈਸਟੀ ਬਿਲਡਿੰਗ ਪ੍ਰੋਗਰਾਮ ਇਨ ਐਕੁਆਕਲਚਰ ਤਹਿਤ ਮੱਛੀ/ਝੀਂਗਾ ਫਾਰਮਰਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਸ਼੍ਰੀ ਰਾਜਿੰਦਰ ਕੁਮਾਰ ਕਟਾਰੀਆਂ, ਡਿਪਟੀ ਡਾਇਰੈਕਟਰ ਮੱਛੀ ਪਾਲਣ (ਰਿਟਾ.) ਨੇ ਰਿਸੋਰਸ ਪਰਸਨ ਵਜੋਂ ਆਪਣੇ ਬਹੁਮੂਲ ਵਿਚਾਰ ਸਾਝੇ ਕੀਤੇ।
ਸੀਨੀਅਰ ਮੱਛੀ ਪਾਲਣ ਅਫਸਰ ਮੈਡਮ ਪ੍ਰਭਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ 2000 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ।
                  ਉਨ੍ਹਾਂ ਕਿਹਾ ਕਿ ਖਾਰੇ ਪਾਣੀ ਨਾਲ ਪ੍ਰਭਾਵਿਤ ਖੇਤਰ ਵਿਚ ਝੀਂਗੇ ਦੀ ਖੇਤੀ ਨੂੰ  ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਕਿ ਇਕ ਸਫਲ ਕਿੱਤਾ ਸਾਬਿਤ ਹੋਇਆ ਹੈ।
                 ਝੀਂਗਾ ਪਾਲਣ ਅਧੀਨ 500 ਏਕੜ ਦੇ ਕਰੀਬ ਰਕਬਾ ਹੈ। ਉਨ੍ਹਾਂ ਕਿਹਾ ਕਿ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਈਨਾ ਖੇੜਾ ਵਿਖੇ ਸਥਿਤ ਡੈਮੋਨਸਟ੍ਰੇਸ਼ਨ ਫਾਰਮ-ਕਮ-ਟਰੇਨਿੰਗ ਸੈਂਟਰ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
               ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੱਛੀ ਅਤੇ ਝੀਂਗਾ ਦੇ ਤਾਲਾਬਾਂ, ਮੱਛੀ ਟਰਾਂਸਪੋਰਟ ਵਾਹਨਾਂ ਦੀ ਖਰੀਦ, ਮੱਛੀ ਕਿਓਸਕ/ਦੁਕਾਨਾਂ, ਕੋਲਡ ਸਟੋਰੇਜ ਪਲਾਂਟ, ਮੱਛੀ ਫੀਡ ਮਿੱਲਾਂ ਅਤੇ ਸਜਾਵਟੀ ਮੱਛੀ ਸਬੰਧੀ ਯੂਨਿਟਾਂ ਵਰਗੇ ਵੱਖ-ਵੱਖ ਪ੍ਰਾਜੈਕਟਾਂ ਨੂੰ ਅਪਣਾਉਣ ਲਈ 40 ਫ਼ੀਸਦੀ ਤੋਂ 60 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ।
               ਉਨ੍ਹਾਂ ਮੱਛੀ ਪਾਲਕਾਂ ਨੁੰ ਅਪੀਲ ਕੀਤੀ ਕਿ ਇਸ ਮਛੀਪਾਲਣ ਦੇ ਕਿਤੇ ਨੂੰ ਅਪਣਾਇਆ ਜਾਵੇ ਤੇ ਸਰਕਾਰ ਦੀਆਂ ਸਹੂਲਤਾਂ ਦਾ ਲਾਭ ਲਿਆ ਜਾਵੇ। ਅੰਤ ਵਿੱਚ ਸੀਨੀਅਰ ਮੱਛੀ ਪਾਲਣ ਅਫਸਰ, ਪ੍ਰਭਜੋਤ ਕੌਰ ਨੇ ਸਮੂਹ ਸਟਾਫ, ਰਿਸੋਰਸ ਪਰਸਨ ਅਤੇ ਮੱਛੀ/ਝੀਂਗਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ।