ਮਾਨਸਾ, 19 ਅਗਸਤ:
ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 08 ਸਤੰਬਰ ਤੱਕ ਕੋਰਨੀਅਲ ਅੰਨ੍ਹਾਪਣ, ਕੋਰਨੀਅਲ ਟਰਾਂਸਪਲਾਂਟ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ, ਉਨ੍ਹਾਂ ਨੂੰ ਮੌਤ ਉਪਰੰਤ ਅੱਖਾਂ ਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਕੋਰਨੀਆ (ਅੱਖ ਦੀ ਪੁਤਲੀ) ਦੀ ਬਿਮਾਰੀ ਤੋਂ ਅੰਨ੍ਹਾਪਣ ਭਾਰਤ ਵਿੱਚ ਇੱਕ ਪ੍ਰਮੁੱਖ ਜਨਤਕ ਸਿਹਤ ਸਮੱਸਿਆ ਹੈ। ਭਾਰਤ ਵਿੱਚ ਪ੍ਰਤੀ ਸਾਲ 01 ਲੱਖ ਕੋਰਨੀਅਲ ਟਰਾਂਸਪਲਾਂਟ ਕਰਨ ਲਈ 02 ਲੱਖ 70 ਹਜ਼ਾਰ ਦਾਨੀਆਂ ਦੀਆਂ ਅੱਖਾਂ ਦੀ ਲੋੜ ਦਾ ਅਨੁਮਾਨ ਹੈ, ਜੋ ਕਿ ਦਾਨੀ ਅੱਖਾਂ ਦੀ ਮੌਜੂਦਗੀ ਤੋਂ ਲਗਭਗ 4 ਗੁਣਾ ਵੱਧ ਹੈ। ਮਨੁੱਖੀ ਅੱਖਾਂ ਦੀ ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਇੱਕ ਚੁਣੌਤੀ ਹੈ, ਇਸ ਦੇ ਲਈ ਆਮ ਲੋਕਾਂ ਵਿਚ ਜਾਗਰੂਕਤਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਕੋਰਨੀਆਂ ਅੱਖ ਦੀ ਕੱਚ ਵਰਗੀ ਸਭ ਤੋਂ ਬਾਹਰ ਦੀ ਪਾਰਦਰਸ਼ੀ ਪਰਤ ਹੁੰਦੀ ਹੈ। ਕੋਰਨੀਆਂ ਵਿਚੋਂ ਹੀ ਸਾਡੇ ਅੱਖ ਦੇ ਅੰਦਰ ਰੋਸ਼ਨੀ ਜਾਂਦੀ ਹੈ, ਜਿਸ ਕਾਰਨ ਅਸੀਂ ਦੇਖਦੇ ਹਾਂ, ਸੱਟ ਲੱਗਣ ਕਾਰਨ, ਕੋਰਨੀਅਲ ਟਰੋਮਾ, ਕਿਸੇ ਵੀ ਤਰ੍ਹਾਂ ਦੀ ਵਾਈਰਲ, ਬੈਕਟੀਰੀਅਲ ਜਾਂ ਫੰਗਸ ਲਾਗ (ਇੰਫੈਕਸ਼ਨ) ਕਾਰਨ, ਕਿਸੇ ਤਰ੍ਹਾਂ ਦੇ ਕੁਪੋਸ਼ਨ ਕਾਰਨ ਜਿਵੇ ਵਿਟਾਮਿਨ ਏ ਦੀ ਘਾਟ ਹੋ ਜਾਣਾ, ਜਨਮ ਤੋਂ ਹੀ ਕਿਸੇ ਬਿਮਾਰੀ ਕਾਰਨ, ਪਾਰਦਰਸ਼ੀ ਕੋਰਨੀਅਲ ਅਪਾਰਦਰਸ਼ੀ ਹੋ ਜਾਂਦਾ ਹੈ ਤਾਂ ਅੱਖ ਬਾਹਰ ਦੀ ਰੋਸ਼ਨੀ ਨੂੰ ਫੋਕਸ ਨਹੀਂ ਕਰ ਪਾਉਂਦੀ ਤੇ ਵਿਅਕਤੀ ਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾ। ਜਦੋਂ ਇਸ ਅਪਾਰਦਰਸ਼ੀ ਕੋਰਨੀਅਲ ਨੂੰ ਨਵੇਂ ਪਾਰਦਰਸ਼ੀ ਕੋਰਨੀਅਲ ਨਾਲ ਟਰਾਂਸਪਲਾਟ ਕਰਦੇ ਹਾਂ ਤਾਂ ਵਿਅਕਤੀ ਫਿਰ ਤੋਂ ਦੇਖਣ ਯੋਗ ਹੋ ਜਾਂਦਾ ਹੈ।
ਵਿਜੇ ਕੁਮਾਰ ਜੈਨ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਅੱਖਾਂ ਦਾਨ ਸਿਰਫ ਜੀਵਨ ਤੋਂ ਬਾਅਦ ਮੌਤ ਤੋਂ 4 ਤੋਂ 6 ਘੰਟੇ ਦੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਅੱਖਾਂ ਦਾਨ ਕਰਨ ਦੇ ਫਾਰਮ ਸਮੂਹ ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੌਜੂਦ ਹਨ। ਇਸ ਪੰਦਰਵਾੜੇ ਦੌਰਾਨ ਸਾਡੇ ਪੈਰਾ ਮੈਡੀਕਲ ਦੇ ਸਿਹਤ ਕਰਮਚਾਰੀ ਅਤੇ ਆਸ਼ਾ ਵਰਕਰ ਲੋਕਾਂ ਨੂੰ ਜਾਗਰੂਕ ਕਰਕੇ ਫਾਰਮ ਭਰਾਉਣ ਵਿੱਚ ਮਦਦ ਵੀ ਕਰਨਗੇ। ਉਨ੍ਹਾਂ ਦੱਸਿਆ ਕਿ http://nhm.punjab.gov.in/eye_donation ਆਨਲਾਈਨ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਸਿਹਤ ਵਿਭਾਗ ਵੱਲੋਂ 25 ਅਗਸਤ ਤੋਂ 08 ਸਤੰਬਰ ਤੱਕ ਮਨਾਇਆ ਜਾ ਰਿਹੈ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ


