ਫਾਜ਼ਿਲਕਾ 20 ਜੁਲਾਈ 2024
ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਸੰਦੀਪ ਕੁਮਾਰ ਰਿਣਵਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਬੱਦਲਵਾਹੀ ਤੇ ਹਵਾ ਵਿੱਚ ਨਮੀ ਦੀ ਜ਼ਿਆਦਾ ਮਾਤਰਾ ਅਤੇ ਬਰਸਾਤਾਂ ਨਾ ਹੋਣ ਕਾਰਨ ਨਰਮੇ ਦੀ ਫਸਲ ਨੂੰ ਔੜ ਲੱਗੀ ਹੋਈ ਹੈ, ਜਿਸ ਕਾਰਨ ਕਈ ਥਾਵਾਂ ਉੱਤੇ ਚਿੱਟੀ ਮੱਖੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਦਾ ਮੌਸਮ ਚਿੱਟੀ ਮੱਖੀ ਦੇ ਵਾਧੇ ਫੈਲਾਅ ਲਈ ਅਨੁਕੂਲ ਹੈ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਨਰਮੇ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਚਿਪਚਿਪਾ ਪਦਾਰਥ ਛੱਡਦੇ ਹਨ ਇਸ ਨਾਲ ਪੱਤਿਆਂ ਅਤੇ ਖਿੜੇ ਹੋਏ ਨਰਮੇ ਉੱਪਰ ਉੱਲੀ ਪੈਦਾ ਹੋ ਜਾਂਦੀ ਹੈ ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ, ਚਿੱਟੀ ਮੱਖੀ ਨਰਮੇ ਵਿੱਚ ਲੀਫ ਕਰਲ ਬਿਮਾਰੀ ਫੈਲਾਉਂਦੀ ਹੈ।
ਉਨ੍ਹਾਂ ਜ਼ਿਲ੍ਹੇ ਦੇ ਸਮੂਹ ਨਰਮਾ ਕਾਸਤਕਾਰ ਕਿਸਾਨਾਂ ਨੂੰ ਅਪੀਲ ਕੀਤੀ ਪਾਣੀ ਦੀ ਉਪਲਬਧਤਾ ਅਨੁਸਾਰ ਨਰਮੇ ਦੀ ਫਸਲ ਨੂੰ ਔੜ ਤੋਂ ਬਚਾਉਣ ਲਈ ਪਾਣੀ ਲਗਾਇਆ ਜਾਵੇ। ਸਮੇਂ ਸਮੇਂ ਸਿਰ ਆਪਣੀ ਫਸਲ ਦਾ ਸਰਵੇਖਣ ਕਰਨ ਉਪਰੰਤ ਲੋੜ ਅਨੁਸਾਰ ਸਿਫਾਰਿਸ਼ਸ਼ੁਦਾ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਚਿੱਟੀ ਮੱਖੀ ਦੀ ਰੋਕਥਾਮ ਲਈ ਜਦੋਂ ਬੂਟੇ ਦੇ ਉੱਪਰਲੇ ਹਿੱਸੇ ਵਿੱਚ ਸਵੇਰੇ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤੇ ਤੇ ਛੇ ਹੋ ਜਾਵੇ ਉਦੋਂ ਛਿੜਕਾਅ ਕਰੋ ਅਤੇ ਘੱਟੋ ਘੱਟ 30 ਪੱਤੇ ਦੇਖੇ ਜਾਣ। ਉਨ੍ਹਾਂ ਦੱਸਿਆ ਕਿ ਚਿੱਟੀ ਮੱਖੀ ਨਰਮੇ ਤੋਂ ਇਲਾਵਾ ਹੋਰ ਫਸਲਾਂ ਮੂੰਗੀ, ਭਿੰਡੀ, ਬੈਂਗਣ ਆਦਿ ਤੇ ਹਮਲਾ ਕਰਦੀ ਹੈ ਇਸ ਲਈ ਇਨ੍ਹਾਂ ਫਸਲਾਂ ਤੇ ਵੀ ਸਰਵੇਖਣ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਰੋਜ਼ਾਨਾ ਪਿੰਡਾਂ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਵੀਰ ਆਪਣੇ ਖੇਤ ਚ ਫਸਲ ਦਾ ਮੌਕਾ ਦਿਖਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਪਿੰਡ ਆਈ ਖੇਤੀਬਾੜੀ ਵਿਭਾਗ ਦੀ ਟੀਮ ਨਾਲ ਰਾਬਤਾ ਕਰ ਸਕਦੇ ਹਨ। ਜ਼ਿਲ੍ਹੇ ਵਿੱਚ ਹਰ ਸੋਮਵਾਰ ਅਤੇ ਵੀਰਵਾਰ ਖੇਤੀ ਵਿਭਾਗ ਦੀਆਂ 20 ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਜਾਂਦਾ ਹੈ ਕਿਸੇ ਕਿਸਮ ਦੀ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਆਪਣੇ ਪਿੰਡ ਨਾਲ ਸਬੰਧਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਜਾਂ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਖੇਤਾਂ ਵਿੱਚ ਚਿੱਟੀ ਮੱਖੀ ਦੀ ਔਸਤ ਗਿਣਤੀ ਛੇ ਬਾਲਕ ਪ੍ਰਤੀ ਪੱਤਾ ਜਾਂ ਇਸ ਤੋਂ ਜਿਆਦਾ ਹੋਵੇ ਉੱਥੇ ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਟਨਾਸ਼ਕ ਜਿਵੇਂ ਕਿ ਕਲਾਸਟੋ 20 ਡਬਲਯੂ ਜੀ (ਪਾਇਰੀਫਲੂਕੀਨਾਜ਼ੋਨ) 200 ਗ੍ਰਾਮ ਜਾਂ ਸਫੀਨਾ 50 ਡੀ ਸੀ (ਅਫਿਡੋਪਾਇਰੋਪਿਨ) 400 ਮਿਲੀਲੀਟਰ ਜਾਂ ਓਸੀਨ 20 ਐਸਸੀ (ਡਾਈਨੋਟੈਫੁਰਾਨ) 60 ਗ੍ਰਾਮ ਜਾਂ ਉਲਾਲਾ 50 ਡਬਲਯੂ ਜੀ (ਫਲੂਨੀਕਾਮਿਡ) 80 ਗ੍ਰਾਮ ਜਾ ਫੌਸਮਾਈਟ/ ਈ ਮਾਈਟ/ਵੋਲਥੀਆਨ/ ਗੋਲਡਮਿਟ 50 ਈਸੀ (ਈਥੀਆਨ) 800 ਮਿਲੀਲਿਟਰ ਪ੍ਰਤੀ ਏਕੜ ਆਦਿ ਕੀਟਨਾਸ਼ਕਾਂ ਦੀ ਸਪਰੇ ਕੀਤੀ ਜਾਵੇ। ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ/ਡੈਟਾ 10 ਈਸੀ ਪਾਈਰੀਪਰਕਸੀਫਿਨ ਜਾਂ 200 ਮਿਲੀਲਿਟਰ ਓਬਰੇਨ ਵੋਲਟੇਜ਼ 22.9 ਐਸਸੀ (ਸਪੈਰੋਮੈਸੀਫਿਨ) ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਦਫਤਰ ਨਾਲ ਸੰਪਰਕ ਕੀਤਾ ਜਾਵੇ।