ਮੁੱਲ ਦੀਆਂ ਖ਼ਬਰਾਂ ਤੇ ਸੋਸ਼ਲ ਮੀਡੀਆ ਸਮੇਤ ਹਰ ਪ੍ਰਕਾਰ ਦੇ ਮੀਡੀਆ ਤੇ ਸਿਆਸੀ ਇਸਤਿਹਾਰਬਾਜੀ ਤੇ ਹੈ ਚੋਣ ਕਮਿਸ਼ਨ ਦੀ ਨਜਰ-ਜ਼ਿਲ੍ਹਾ ਚੋਣ ਅਫ਼ਸਰ

Fazilka

ਫਾਜ਼ਿਲਕਾ, 19 ਮਈ
ਲੋਕ ਸਭਾ ਚੋਣਾਂ 2024 ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਐਂਡ ਮੋਨਟਰਿੰਗ ਕਮੇਟੀ ਵੱਲੋਂ ਮੁੱਲ ਦੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਸਮੇਤ ਹਰ ਪ੍ਰਕਾਰ ਦੇ ਮੀਡੀਆ ਦੇ ਸਿਆਸੀ ਇਸਤਿਹਾਰਬਾਜੀ ਦੇ ਸਖ਼ਤ ਨਜਰ ਰੱਖੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਮੁੱਲ ਦੀਆਂ ਖ਼ਬਰਾਂ ਦੀ ਮਾੜੀ ਪ੍ਰਥਾ ਵਿਚ ਨਾ ਪੈਣ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਇਹ ਅਨੈਤਿਕ ਕਾਰਜ ਕਰੇਗਾ ਤਾਂ ਉਸਦਾ ਖ਼ਰਚਾ ਸਬੰਧਤ ਉਮੀਦਵਾਰ ਦੇ ਚੋਣ ਖਰਚ ਵਿਚ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸੇ ਤਰਾਂ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਸੋਸ਼ਲ ਮੀਡੀਆ  ਅਤੇ ਅਖਬਾਰਾਂ ਦੇ ਈ ਪੇਪਰ ਵੀ ਆਉਂਦੇ ਹਨ ਉਤੇ ਜੇਕਰ ਕੋਈ ਸਿਆਸੀ ਇਸਤਿਹਾਰ ਕਿਸੇ ਉਮੀਦਵਾਰ ਜਾਂ ਪਾਰਟੀ ਨੇ ਦੇਣਾ ਹੋਵੇ ਤਾਂ ਉਸਦੀ ਪ੍ਰੀ ਸਰਟੀਫਿਕੇਸ਼ਨ ਕਰਵਾਉਣੀ ਲਾਜਮੀ ਹੈ।ਇਸੇ ਤਰਾਂ ਪ੍ਰਿੰਟ ਮੀਡੀਆ ਵਿਚ 1 ਜੂਨ ਜਾਂ 31 ਮਈ ਨੁੰ ਛੱਪਣ ਵਾਲੇ ਇਸਤਿਹਾਰਾਂ ਦੀ ਵੀ ਪ੍ਰੀ ਸਰਟੀਫਿਕੇਸ਼ਨ ਕਰਵਾਈ ਜਾਣੀ ਲਾਜ਼ਮੀ ਹੈ।  ਇਸੇ ਤਰਾਂ ਆਈਪੀਸੀ ਦੀ ਧਾਰਾ 171 ਐਚ ਉਮੀਦਵਾਰ ਦੀ ਸਹਿਮਤੀ ਤੋਂ ਬਿਨ੍ਹਾਂ ਖਰਚ ਕਰਨ ਤੋਂ ਵਰਜਦੀ ਹੈ ਅਤੇ ਅਜਿਹਾ ਕਰਨ ਵਾਲੇ ਖਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਮਸੀਐਮਸੀ ਵੱਲੋਂ ਹਰ ਪ੍ਰਕਾਰ ਦੇ ਮੀਡੀਆ ਅਤੇ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਹੈਂਡਲਜ਼ ਦੀ ਬਾਰੀਕੀ ਨਾਲ ਨਜਰਸਾਨੀ ਕੀਤੀ ਜਾ ਰਹੀ ਹੈ ਅਤੇ ਜੇਕਰ ਕਿਤੇ ਵੀ ਕੋਈ ਉਲੰਘਣਾ ਪਾਈ ਗਈ ਤਾਂ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।