ਫਾਜ਼ਿਲਕਾ 5 ਅਪ੍ਰੈਲ
ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ ਐਨਕੋਰਡ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ । ਇਸ ਬੈਠਕ ਵਿੱਚ ਐਸਐਸਪੀ ਡਾ ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਅਤੇ ਹੁਣ ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਅਮਲ ਨੂੰ ਨਸ਼ਿਆਂ ਰਾਹੀਂ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਸਾਰੇ ਵਿਭਾਗ ਤਣਦੇਹੀ ਨਾਲ ਕੰਮ ਕਰਨ। ਉਹਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਆਪਣੀ ਜੰਗਲਾਤ ਵਾਲੀਆਂ ਥਾਵਾਂ ਤੇ ਵਿਸ਼ੇਸ਼ ਤੌਰ ਤੇ ਚੌਕਸੀ ਰੱਖੇ ਅਤੇ ਯਕੀਨੀ ਬਣਾਏ ਕਿ ਉੱਥੇ ਭੰਗ ਜਾਂ ਪੋਸਤ ਦੇ ਪੌਦੇ ਨਾ ਉਗਾਏ ਜਾ ਰਹੇ ਹੋਣ । ਉਹਨਾਂ ਨੇ ਸਾਰੀਆਂ ਨਰਸਰੀਆਂ ਦੀ ਜਾਂਚ ਕਰਨ ਦੀ ਹਦਾਇਤ ਵੀ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਬੀਐਸਐਫ ਵਿਚਕਾਰ ਬਿਹਤਰ ਤਾਲਮੇਲ ਹੋਵੇ। ਉਹਨਾਂ ਨੇ ਡਰੱਗ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨੂੰ ਸਖਤੀ ਨਾਲ ਰੋਕਿਆ ਜਾਵੇ।
ਇਸ ਮੌਕੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਦੱਸਿਆ ਕਿ 16 ਮਾਰਚ ਤੋਂ ਬਾਅਦ ਜ਼ਿਲ੍ਹੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ 15 ਮਾਮਲੇ ਦਰਜ ਕਰਕੇ 25 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂ ਕਿ ਐਕਸਾਈਜ਼ ਐਕਟ ਦੇ ਤਹਿਤ 20 ਮਾਮਲੇ ਦਰਜ ਕਰਕੇ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੈਠਕ ਵਿੱਚ ਐਸਪੀ ਪ੍ਰਦੀਪ ਸਿੰਘ ਅਤੇ ਵੱਖ ਵੱਖ ਸਬ ਡਿਵੀਜ਼ਨਾਂ ਦੇ ਡੀਐਸਪੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਐਨਕੋਰਡ ਕਮੇਟੀ ਦੀ ਮਹੀਨਾਵਾਰ ਮੀਟਿੰਗ- ਨਸ਼ਿਆਂ ਖਿਲਾਫ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਫੈਸਲਾ


